Bathinda News: Bathinda ਸ਼ਹਿਰ ‘ਚ ਵੀਰਵਾਰ ਨੂੰ ਵਾਪਰੀ ਇੱਕ ਮੰਦਭਾਗੀ ਘਟਨਾ ਦੇ ਵਿੱਚ ਭਾਣਜੀ ਨੂੰ ਬਚਾਉਂਦੇ ਹੋਏ ਇੱਕ ਮਾਮੇ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਦਕਿ ਨਬਾਲ ਭਾਂਜੀ ਨੂੰ ਰਾਹਗੀਰਾਂ ਨੇ ਬਚਾ ਲਿਆ। ਚਾਰ ਕੁੜੀਆਂ ਦੇ ਪਿਤਾ ਮ੍ਰਿਤਕ ਪੰਕਜ ਦਾਸ ਦੇ ਘਰ ਇੱਕ ਦਿਨ ਪਹਿਲਾਂ ਹੀ ਪੁੱਤਰ ਨੇ ਜਨਮ ਲਿਆ ਸੀ। ਮਿਲੀ ਜਾਣਕਾਰੀ ਦੇ ਮੁਤਾਬਕ ਸਥਾਨਕ ਬਠਿੰਡਾ ਨਹਿਰ ਦੇ ਨਜ਼ਦੀਕ ਸਥਿਤ ਨੈਸ਼ਨਲ ਕਲੋਨੀ ਦੇ ਵਿੱਚ ਰਹਿਣ ਵਾਲੇ ਇੱਕ ਪ੍ਰਵਾਸੀ ਪਰਿਵਾਰ ਦੇ ਭੈਣ ਭਰਾ ਅੱਜ ਆਪਸ ਵਿੱਚ ਲੜ ਪਏ। ਇਸ ਦੌਰਾਨ ਗੁੱਸੇ ਵਿੱਚ ਆਈ 14 ਸਾਲਾ ਭੈਣ ਕੋਮਲ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਇਸ ਦਾ ਪਤਾ ਲੱਗਦੇ ਹੀ ਮਾਮਾ ਪੰਕਜ ਦਾਸ (35ਸਾਲ) ਵੀ ਪਿੱਛੇ ਭੱਜਿਆ ਅਤੇ ਆਪਣੀ ਭਾਣਜੀ ਨੂੰ ਬਚਾਉਣ ਦੇ ਲਈ ਉਸਨੇ ਪਿੱਛੇ ਹੀ ਨਹਿਰ ਵਿੱਚ ਛਾਲ ਮਾਰ ਦਿੱਤੀ। ਪ੍ਰੰਤੂ ਉਸਨੂੰ ਪਾਣੀ ਵਿੱਚ ਤੈਰਨਾ ਨਹੀਂ ਆਉਂਦਾ ਸੀ। ਘਟਨਾ ਦਿਨ ਸਮੇਂ ਵਾਪਰੀ ਹੋਣ ਕਾਰਨ ਇੱਥੇ ਗੁਜਰਦੇ ਰਾਹਗੀਰਾਂ ਨੇ ਵੀ ਦੇਖ ਕੇ ਰੌਲਾ ਪਾ ਦਿੱਤਾ ਅਤੇ ਇੱਕ ਨੌਜਵਾਨ ਨੇ ਇਹਨਾਂ ਨੂੰ ਬਚਾਉਣ ਦੇ ਲਈ ਨਹਿਰ ਵਿੱਚ ਛਲਾਂਗ ਲਗਾ ਦਿੱਤੀ। ਲੋਕਾਂ ਦੀ ਮੱਦਦ ਨਾਲ ਥੋੜੇ ਸਮੇਂ ਬਾਅਦ ਹੀ ਕੋਮਲ ਨੂੰ ਤਾਂ ਬਚਾ ਲਿਆ ਗਿਆ ਪ੍ਰੰਤੂ ਪਾਣੀ ਦੇ ਤੇਜ਼ ਬਹਾਅ ਦੇ ਵਿੱਚ ਪੰਕਜ ਦਾਸ ਡੁੱਬ ਗਿਆ। ਜਿਸ ਤੋਂ ਬਾਅਦ ਲੋਕਾਂ ਨੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦਿੱਤੀ। ਡੁੱਬੇ ਹੋਏ ਨੌਜਵਾਨ ਨੂੰ ਕੱਢਣ ਦੇ ਲਈ ਐਨਡੀਆਰਐਫ਼ ਦੀਆਂ ਟੀਮਾਂ ਵੀ ਮੌਕੇ ‘ਤੇ ਪੁੱਜੀਆਂ ਅਤੇ ਉਹਨਾਂ ਵੱਲੋਂ ਵੀ ਬਚਾਉਣ ਲਈ ਮੁਹਿੰਮ ਚਲਾਈ ਗਈ। ਪ੍ਰੰਤੂ ਉਸ ਸਮੇਂ ਤੱਕ ਕਾਫੀ ਦੇਰ ਹੋ ਗਈ ਸੀ। ਜਿਸਤੋਂ ਬਾਅਦ ਸ਼ਾਮ 6 ਵਜੇ ਦੇ ਕਰੀਬ ਪੰਕਜ ਦੀ ਲਾਸ਼ ਨਹਿਰ ਵਿੱਚੋਂ ਬਰਾਮਦ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਥਰਮਲ ਦੇ ਏਐਸਆਈ ਇਕਬਾਲ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਿਲ ਹਸਪਤਾਲ ਦੇ ਮੁਰਦਾ ਘਰ ਵਿੱਚ ਪਹੁੰਚਾ ਦਿੱਤਾ ਗਿਆ ਹੈ ਅਤੇ ਪਰਿਵਾਰ ਦੇ ਬਿਆਨਾਂ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ 👉Patiala ‘ਚ ਤੜਕਸਾਰ PRTC ਬੱਸ ਅਤੇ ਸਕਾਰਪੀਓ ਕਾਰ ‘ਚ ਭਿਆਨਕ ਹਾ+ਦ+ਸਾ
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ
