ਐਸ.ਐਸ.ਪੀ ਡਾ. ਅਖਿਲ ਚੌਧਰੀ ਦੀ ਨਿਗਰਾਨੀ ਹੇਠ ਤਸਕਰਾਂ ਖਿਲਾਫ ਨਿਰੰਤਰ ਕਾਰਵਾਈ ਜਾਰੀ।
Muktsar News: ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਅਧੀਨ, ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਡਾ. ਅਖਿਲ ਚੌਧਰੀ (ਆਈ.ਪੀ.ਐਸ.) ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਇਕੋ ਸਮੇਂ ਜ਼ਿਲ੍ਹੇ ਦੀਆਂ ਚਾਰ ਸਬ ਡਿਵੀਜ਼ਨਾਂ (ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ) ਵਿੱਚ ਵੱਡੇ ਪੱਧਰ ‘ਤੇ ਸਵੇਰੇ 07 ਵਜੇ ਤੋਂ ਬਾਅਦ ਦੁਪਿਹਰ 12 ਵਜੇ ਤੱਕ ਸਰਚ ਓਪਰੇਸ਼ਨ (CASO) ਕੀਤਾ ਗਿਆ।ਇਸ ਸਰਚ ਓਪਰੇਸ਼ਨ ਦੌਰਾਨ ਸ੍ਰੀ ਅੰਗਰੇਜ਼ ਸਿੰਘ ਡੀ.ਐਸ.ਪੀ. (ਮਲੋਟ), ਸ੍ਰੀ ਇਸ਼ਾਨ ਸਿੰਗਲਾ ਡੀ.ਐਸ.ਪੀ. (ਲੰਬੀ), ਅਰੁਣ ਮੁੰਡਨ ਡੀ.ਐਸ.ਪੀ. (ਗਿੱਦੜਬਾਹਾ), ਸ੍ਰੀ ਨਵੀਨ ਕੁਮਾਰ (ਸ਼੍ਰੀ ਮੁਕਤਸਰ ਸਾਹਿਬ),ਮੁੱਖ ਅਫਸਰਾਨ ਸਮੇਤ 250 ਕਰਮਚਾਰੀ ਤਾਇਨਾਤ ਕੀਤੇ ਗਏ ਸਨ।ਇਸ ਸਰਚ ਮੁਹਿੰਮ ਦੌਰਾਨ ਸਬ ਡਿਵੀਜ਼ਨਾਂ ਦੇ ਅਲੱਗ ਅਲੱਗ ਪਿੰਡਾਂ, ਮਹੱਲਿਆਂ ਅਤੇ ਸੱਥਾਂ ਵਿੱਚ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ‘ਤੇ ਰੇਡ ਕੀਤੇ ਗਏ। ਇਸ ਤੋਂ ਇਲਾਵਾ ਜਿਨ੍ਹਾਂ ਵਿਅਕਤੀਆਂ ਖਿਲਾਫ ਪਹਿਲਾਂ ਤੋਂ ਐਨ.ਡੀ.ਪੀ.ਐਸ ਐਕਟ ਦੇ ਮੁਕੱਦਮੇ ਦਰਜ ਸਨ ਉਹਨਾਂ ਦੇ ਟਿਕਾਣਿਆਂ ਦੀ ਵੀ ਚੈਕਿੰਗ ਕੀਤੀ ਗਈ। ਪੁਲਿਸ ਪਾਰਟੀਆਂ ਵੱਲੋਂ ਪਿੰਡਾਂ ਦੀਆਂ ਗਲੀਆਂ, ਅਤੇ ਸੁੰਨੇ ਪਏ ਸ਼ੱਕੀ ਘਰਾਂ ਦੀ ਤਲਾਸ਼ੀ ਕੀਤੀ ਗਈ। ਸ਼ੱਕੀ ਨੌਜਵਾਨਾਂ ਦੀ ਹਿਸਟਰੀ ਚੈਕ ਕਰਕੇ, ਉਨ੍ਹਾਂ ਦੇ ਮੋਬਾਈਲ ਦੀ ਵੀ ਜਾਂਚ ਕੀਤੀ ਗਈ। ਸਰਚ ਮੁਹਿੰਮ ਦੌਰਾਨ ਪੁਲਿਸ ਵੱਲੋਂ ਲੋਕਾਂ ਨੂੰ ਨਸ਼ਿਆਂ ਦੇ ਵਿਰੁੱਧ ਜਾਗਰੂਕ ਕੀਤਾ ਗਿਆ ਅਤੇ ਇਲਾਕਾ ਵਾਸੀਆਂ ਨੂੰ ਇਹ ਭਰੋਸਾ ਦਿਵਾਇਆ ਗਿਆ ਕਿ ਪੁਲਿਸ ਹਮੇਸ਼ਾ ਉਨ੍ਹਾਂ ਦੀ ਸਹਾਇਤਾ ਲਈ ਤਿਆਰ ਹੈ।
PAIS ਅਤੇ VAHAN ਐਪ ਰਾਹੀਂ ਸ਼ੱਕੀ ਵਿਅਕਤੀਆਂ ਦੀ ਜਾਂਚ
ਸਰਚ ਮੁਹਿੰਮ ਦੌਰਾਨ ਪੁਲਿਸ ਵੱਲੋਂ ਏਰੀਏ ਨੂੰ ਸੀਲ ਕੀਤਾ ਗਿਆ ਅਤੇ ਨਾਕਾਬੰਦੀ ਕਰਕੇ ਨਸ਼ਾ ਤਕਸਰਾਂ, ਵਾਹਨਾਂ ਅਤੇ ਸ਼ੱਕੀ ਨੰਬਰ ਪਲੇਟਾਂ ਵਾਲੀਆਂ ਗੱਡੀਆਂ ਦੀ ਜਾਂਚ ਲਈ VAHAN ਐਪ ਦੀ ਮਦਦ ਲਈ ਗਈ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ PAIS ਐਪ ਦੀ ਵਰਤੋਂ ਕੀਤੀ ਗਈ।ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋ ਖਾਸ ਤੌਰ ਤੇ ਆਵਾਜਾਈ ਵਾਲੀਆਂ ਜਗ੍ਹਾਵਾਂ ਜਿਵੇਂ ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ‘ਤੇ ਵਿਸ਼ੇਸ਼ ਤੌਰ ਤੇ ਟੀਮਾਂ ਤਾਇਨਾਤ ਕਰਕੇ ਬੱਸਾਂ ਤੇ ਰੇਲਵੇ ਸਟੇਸ਼ਨਾਂ ਦੀ ਚੈਕਿੰਗ ਕੀਤੀ ਗਈ।ਐਸ.ਐਸ.ਪੀ. ਨੇ ਸਪਸ਼ਟ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਧਰਤੀ ‘ਤੇ ਨਸ਼ਿਆਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਜ਼ਿਲ੍ਹੇ ਵਿੱਚ ਪੁਲਿਸ ਵੱਲੋਂ ਲਗਾਤਾਰ ਸਖ਼ਤ ਤਰੀਕੇ ਨਾਲ ਸਰਚ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਇਹ ਕਾਰਵਾਈ ਭਵਿੱਖ ਵਿੱਚ ਹੋਰ ਵੀ ਤੇਜ਼ ਕੀਤੀ ਜਾਵੇਗੀ। ਉਨ੍ਹਾਂ ਜਾਣਕਾਰੀ ਦਿੱਤੀ ਕਿ ਨਸ਼ਿਆਂ ਤੋਂ ਕਮਾਈ ਹੋਈ ਗੈਰਕਾਨੂੰਨੀ ਜਾਇਦਾਦ ਨੂੰ ਵੀ ਕਾਨੂੰਨ ਅਨੁਸਾਰ ਫਰੀਜ਼ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਜੰਗ ਸਿਰਫ਼ ਪੁਲਿਸ ਜਾਂ ਕਿਸੇ ਇਕ ਸੰਸਥਾ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਜ਼ਿੰਮੇਵਾਰੀ ਹੈ। ਜਿੱਥੇ ਪੁਲਿਸ ਆਪਣਾ ਫਰਜ਼ ਨਿਭਾ ਰਹੀ ਹੈ, ਓਥੇ ਆਮ ਲੋਕਾਂ ਨੂੰ ਵੀ ਅੱਗੇ ਆ ਕੇ ਪੁਲਿਸ ਦਾ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਨਸ਼ਾ ਤਸਕਰਾਂ ਖਿਲਾਫ ਆਧੁਨਿਕ ਤਰੀਕਿਆਂ ਨਾਲ ਨਿਗਰਾਨੀ ਰੱਖੀ ਜਾ ਰਹੀ ਹੈ। ਇਸਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕੋਲ ਨਸ਼ਿਆਂ ਸਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਉਸਨੂੰ ਬਿਨਾ ਡਰ ਦੇ ਹੇਠ ਲਿਖੇ ਨੰਬਰਾਂ ਤੇ ਪੁਲਿਸ ਨਾਲ ਸਾਂਝਾ ਕਰਨ ਤੁਹਾਡੀ ਪਛਾਣ ਗੁਪਤ ਰੱਖੀ ਜਾਵੇਗੀ।
📞 ਸੇਫ ਪੰਜਾਬ ਹੈਲਪਲਾਈਨ: 97791-00200
📞 ਪੁਲਿਸ ਹੈਲਪਲਾਈਨ: 112
📞 ਪੁਲਿਸ ਕੰਟਰੋਲ ਰੂਮ, ਸ਼੍ਰੀ ਮੁਕਤਸਰ ਸਾਹਿਬ: 80549-42100
