ਪਹਿਲਾਂ ਫਲਾਈਬਿੱਗ ਤੇ ਹੁਣ ਅਲਾਇੰਸ ਏਅਰ ਨੇ ਬੰਦ ਕੀਤੀ ਸੇਵਾ; ਸਾਰੀਆਂ ਤਿਆਰੀਆਂ ਦੇ ਬਾਵਜੂਦ ਹਵਾਈ ਅੱਡੇ ਤੋਂ ਕੋਈ ਉਡਾਣ ਨਹੀਂ
Bathinda News: Bathinda Airport; ਬਠਿੰਡਾ ਹਵਾਈ ਅੱਡੇ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਲਈ ਹਵਾਈ ਸਫ਼ਰ ਦਾ ਰਾਹ ਫਿਰ ਬੰਦ ਹੋ ਗਿਆ ਹੈ। ਅਲਾਇੰਸ ਏਅਰ ਵੱਲੋਂ ਬਠਿੰਡਾ-ਦਿੱਲੀ ਉਡਾਣ ਬੰਦ ਕਰਨ ਤੋਂ ਬਾਅਦ ਹੁਣ ਇਸ ਹਵਾਈ ਅੱਡੇ ਤੋਂ ਕੋਈ ਨਿਯਮਤ ਯਾਤਰੀ ਉਡਾਣ ਨਹੀਂ ਚੱਲ ਰਹੀ। ਮਾਲਵਾ ਖੇਤਰ ਦੇ ਲੋਕਾਂ ਨੂੰ ਹਵਾਈ ਸਫ਼ਰ ਦੀ ਸਹੂਲਤ ਦੇਣ ਦੇ ਮਕਸਦ ਨਾਲ ਸ਼ੁਰੂ ਹੋਏ ਇਸ ਹਵਾਈ ਅੱਡੇ ਤੋਂ ਵਾਰ-ਵਾਰ ਸੇਵਾਵਾਂ ਬੰਦ ਹੋਣ ਕਾਰਨ ਇਸ ਦੇ ਭਵਿੱਖ ਬਾਰੇ ਸਵਾਲ ਉੱਠਣ ਲੱਗੇ ਹਨ।ਹਵਾਈ ਅੱਡੇ ਦੇ ਡਾਇਰੈਕਟਰ ਕੌਸ਼ਲ ਕੰਬੋਜ ਨੇ ਅੱਜ ਦੱਸਿਆ ਕਿ ਹਵਾਈ ਅੱਡੇ ’ਤੇ ਸਾਰੀਆਂ ਤਿਆਰੀਆਂ ਮੁਕੰਮਲ ਹਨ, ਪਰ ਫਿਲਹਾਲ ਕੋਈ ਉਡਾਣ ਨਹੀਂ ਚੱਲ ਰਹੀ। ਉਨ੍ਹਾਂ ਮੁਤਾਬਕ, ਬਠਿੰਡਾ ਅਤੇ ਦਿੱਲੀ ਵਿਚਾਲੇ ਹਵਾਈ ਸੇਵਾ ਚਲਾਉਣ ਵਾਲੀ ਅਲਾਇੰਸ ਏਅਰ ਨੇ ਲਿਖਤੀ ਤੌਰ ’ਤੇ ਸੇਵਾਵਾਂ ਬੰਦ ਕਰਨ ਦੀ ਸੂਚਨਾ ਦੇ ਦਿੱਤੀ ਹੈ। ਕੰਪਨੀ ਪਹਿਲਾਂ ਹਫ਼ਤੇ ਵਿੱਚ ਪੰਜ ਦਿਨ ਇਸ ਰੂਟ ’ਤੇ ਰੋਜ਼ਾਨਾ ਇੱਕ ਉਡਾਣ ਚਲਾਉਂਦੀ ਸੀ। ਕੰਬੋਜ ਨੇ ਇਹ ਵੀ ਦੱਸਿਆ ਕਿ ਕੰਪਨੀ ਨੇ ਕੁਝ ਹੋਰ ਹਵਾਈ ਅੱਡਿਆਂ ਤੋਂ ਵੀ ਆਪਣੀਆਂ ਸੇਵਾਵਾਂ ਬੰਦ ਕੀਤੀਆਂ ਹਨ।ਅਲਾਇੰਸ ਏਅਰ ਦੇ ਸਥਾਨਕ ਮੈਨੇਜਰ ਲਕਸ਼ਮਣ ਭਾਰਦਵਾਜ ਨਾਲ ਇਸ ਮਾਮਲੇ ’ਤੇ ਪੱਖ ਜਾਣਨ ਲਈ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ ।
ਪਹਿਲਾਂ ਫਲਾਈਬਿੱਗ ਨੇ ਛੱਡਿਆ ਸੀ ਰਾਹ….
ਬਠਿੰਡਾ ਹਵਾਈ ਅੱਡੇ ਤੋਂ ਹਵਾਈ ਸੇਵਾ ਬੰਦ ਹੋਣ ਦਾ ਇਹ ਪਹਿਲਾ ਮੌਕਾ ਨਹੀਂ ਹੈ। ਇਸ ਤੋਂ ਪਹਿਲਾਂ ਫਲਾਈਬਿੱਗ ਕੰਪਨੀ ਨੇ ਵੀ ਬਠਿੰਡਾ ਤੋਂ ਗਾਜ਼ੀਆਬਾਦ ਦੇ ਹਿੰਡਨ ਹਵਾਈ ਅੱਡੇ ਲਈ ਆਪਣੀ ਸੇਵਾ ਬੰਦ ਕਰ ਦਿੱਤੀ ਸੀ। ਹੁਣ ਅਲਾਇੰਸ ਏਅਰ ਦੀ ਦਿੱਲੀ ਵਾਲੀ ਉਡਾਣ ਬੰਦ ਹੋਣ ਨਾਲ ਬਠਿੰਡਾ ਦਾ ਸਿੱਧਾ ਹਵਾਈ ਸੰਪਰਕ ਵੀ ਟੁੱਟ ਗਿਆ ਹੈ।
ਇੱਕ ਤੋਂ ਬਾਅਦ ਇੱਕ ਕੰਪਨੀ ਵੱਲੋਂ ਸੇਵਾਵਾਂ ਬੰਦ ਕੀਤੇ ਜਾਣ ਨਾਲ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਬਠਿੰਡਾ ਹਵਾਈ ਅੱਡੇ ਤੋਂ ਨਿਯਮਤ ਉਡਾਣਾਂ ਜਾਰੀ ਰੱਖਣ ਲਈ ਕੋਈ ਪੱਕੀ ਯੋਜਨਾ ਕਿਉਂ ਨਹੀਂ ਬਣ ਸਕੀ। ਹਾਲਾਂਕਿ ਮੌਜੂਦਾ ਸੇਵਾ ਬੰਦ ਹੋਣ ਦੇ ਕਾਰਨਾਂ ਅਤੇ ਭਵਿੱਖ ਵਿੱਚ ਕਿਸੇ ਹੋਰ ਕੰਪਨੀ ਵੱਲੋਂ ਉਡਾਣ ਸ਼ੁਰੂ ਕਰਨ ਬਾਰੇ ਹਾਲੇ ਕੋਈ ਪੁਸ਼ਟੀਸ਼ੁਦਾ ਜਾਣਕਾਰੀ ਸਾਹਮਣੇ ਨਹੀਂ ਆਈ।
ਦਸੰਬਰ 2016 ਵਿੱਚ ਹੋਇਆ ਸੀ ਉਦਘਾਟਨ…….
ਬਠਿੰਡਾ ਦੇ ਵਿਰਕ ਕਲਾਂ ਨੇੜੇ ਸਥਿਤ ਹਵਾਈ ਅੱਡੇ ਦਾ ਉਦਘਾਟਨ ਦਸੰਬਰ 2016 ਵਿੱਚ ਤਤਕਾਲੀ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ, ਤਤਕਾਲੀ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਦੀ ਤਤਕਾਲੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੀਤਾ ਸੀ। ਇਸ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋਣ ਨਾਲ ਮਾਲਵਾ ਖੇਤਰ ਦੇ ਲੋਕਾਂ ਨੂੰ ਦਿੱਲੀ ਵਰਗੇ ਵੱਡੇ ਸ਼ਹਿਰ ਤੱਕ ਜਲਦੀ ਪਹੁੰਚਣ ਦੀ ਸਹੂਲਤ ਮਿਲੀ ਸੀ।
ਹੁਣ ਸਵਾਲ ਹਵਾਈ ਸੇਵਾ ਦੀ ਬਹਾਲੀ ਦਾ……..
ਬਠਿੰਡਾ ਤੋਂ ਦਿੱਲੀ ਲਈ ਹਵਾਈ ਸੇਵਾ ਬੰਦ ਹੋਣ ਦਾ ਅਸਰ ਉਨ੍ਹਾਂ ਯਾਤਰੀਆਂ ’ਤੇ ਪਵੇਗਾ, ਜੋ ਕਾਰੋਬਾਰ, ਇਲਾਜ, ਪੜ੍ਹਾਈ ਜਾਂ ਹੋਰ ਜ਼ਰੂਰੀ ਕੰਮਾਂ ਲਈ ਦਿੱਲੀ ਜਾਂਦੇ ਹਨ। ਹੁਣ ਉਨ੍ਹਾਂ ਨੂੰ ਆਪਣੀ ਲੋੜ ਮੁਤਾਬਕ ਸੜਕ ਜਾਂ ਰੇਲ ਰਾਹੀਂ ਸਫ਼ਰ ਕਰਨਾ ਪਵੇਗਾ।ਇਸ ਸਥਿਤੀ ਵਿੱਚ ਮੁੱਖ ਸਵਾਲ ਇਹ ਹੈ ਕਿ ਬਠਿੰਡਾ ਤੋਂ ਦਿੱਲੀ ਲਈ ਹਵਾਈ ਸੇਵਾ ਮੁੜ ਕਦੋਂ ਸ਼ੁਰੂ ਹੋਵੇਗੀ। ਮਾਲਵੇ ਦੇ ਲੋਕਾਂ ਲਈ ਹੁਣ ਸਭ ਤੋਂ ਅਹਿਮ ਗੱਲ ਇਹ ਹੈ ਕਿ ਹਵਾਈ ਅੱਡੇ ਤੋਂ ਸੇਵਾਵਾਂ ਮੁੜ ਸ਼ੁਰੂ ਕਰਨ ਲਈ ਸਬੰਧਤ ਅਧਿਕਾਰੀ ਅਤੇ ਸਰਕਾਰ ਕੀ ਕਦਮ ਚੁੱਕਦੇ ਹਨ।
ਇਹ ਵੀ ਪੜ੍ਹੋ 👉Roop Kaur Sandhu ਅੱਜ ਖੋਲੇਗੀ ਅਕਾਲੀ ਦਲ ਦੀ ਪੋਲ!, ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣ ਤੋਂ ਪਹਿਲਾਂ ਧਮਕੀਆਂ ਮਿਲਣ ਦਾ ਦਾਅਵਾ
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
