“ਨਿਸਚੈ ਕਰਿ ਅਪੁਨੀ ਜੀਤ ਕਰੋ ” ਦੇ ਫਲਸਫੇ ਨੂੰ ਜ਼ਿੰਦਗੀ ਵਿਚ ਢਾਲਿਆ ਜਾਵੇ: ਸਰਵਜੀਤ ਸਿੰਘ
1500 ਮੀਟਰ ਦੌੜ ਵਿਚ ਵਰਖਾ ਰਾਣੀ ਨੇ ਜਿੱਤਿਆ ਸੋਨ ਤਗਮਾ
Talwandi Sabo News:ਗੁਰੂ ਕਾਸ਼ੀ ਯੂਨੀਵਰਸਿਟੀ ਦੀ 13ਵੀਂ ਸਲਾਨਾ ਐਥਲੈਟਿਕ ਮੀਟ ਦਾ ਆਗਾਜ ਮੁੱਖ ਮਹਿਮਾਨ ਸਰਵਜੀਤ ਸਿੰਘ ਆਈ.ਏ.ਐਸ. ਸਪੈਸ਼ਲ ਚੀਫ਼ ਸੈਕਟਰੀ ਸਪੋਰਟਸ ਐਂਡ ਯੂਥ ਸਰਵਸਿਜ਼, ਪੰਜਾਬ ਨੇ ਕੀਤਾ। ਇਸ ਮੌਕੇ ਚਾਂਸਲਰ ਗੁਰਲਾਭ ਸਿੰਘ ਸਿੱਧੂ, ਮਹਾਰਾਜਾ ਰਣਜੀਤ ਸਿੰਘ ਆਵਾਰਡੀ ਮਨਦੀਪ ਕੌਰ, ਉਲਪਿੰਅਨ, ਅਰਜੁਨ ਐਵਾਰਡੀ ਸਾਬਕਾ ਭਾਰਤੀ ਕਪਤਾਨ ਸਵਰਨ ਸਿੰਘ ਨੇ ਸਨਮਾਨਿਤ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪਰੋ ਵਾਈਸ ਚਾਂਸਲਰ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ, ਡਾ. ਪਿਊਸ਼ ਵਰਮਾ, ਡਾਇਰੈਕਟਰ ਕੈਂਪਸ ਡਾ. ਹਰਜਸਪਾਲ ਸਿੰਘ ਸਿੱਧੂ, ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ ਵੱਖ-ਵੱਖ ਵਿਭਾਗਾਂ ਦੇ ਡੀਨ ਅਤੇ ਮੁੱਖੀ ਮੰਚ ਤੇ ਵਿਰਾਜਮਾਨ ਸਨ।ਇਸ ਮੌਕੇ ਮੁੱਖ ਮਹਿਮਾਨ ਨੇ ਝੰਡਾ ਲਹਿਰਾਉਣ ਉਪਰੰਤ ਮਾਰਚ ਪਾਸਟ ਤੋਂ ਸਲਾਮੀ ਲਈ ਤੇ ਐਥਲੈਟਿਕ ਮੀਟ ਦੇ ਆਗਾਜ਼ ਦਾ ਐਲਾਨ ਕਰ ਆਕਾਸ਼ ਵਿਚ ਰੰਗ-ਬਿਰੰਗੇ ਗੁਬਾਰੇ ਛੱਡੇ। ਖਿਡਾਰਿਆਂ ਵੱਲੋਂ ਨਸ਼ਾ ਮੁਕਤ ਅਤੇ ਖੇਡ ਭਾਵਨਾ ਦੀ ਸਹੁੰ ਚੁੱਕੀ ਗਈ। ਉਹਨਾਂ ਨੇ ਖਿਡਾਰੀਆਂ ਨੂੰ ਸਾਫ ਨੀਅਤ ਅਤੇ ਪੱਕੇ ਇਰਾਦੇ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਉਹਨਾਂ ਕਿਹਾ ਕਿ ਜੇਕਰ ਇਨਸਾਨ “ਨਿਸਚੈ ਕਰਿ ਅਪੁਨੀ ਜੀਤ ਕਰੋ ” ਦੇ ਫਲਸਫੇ ਨੂੰ ਜ਼ਿੰਦਗੀ ਵਿਚ ਢਾਲ ਲਵੇ ਤਾਂ ਦੁਨਿਆਂ ਦੀ ਕੋਈ ਮੰਜ਼ਿਲ ਹਾਸਿਲ ਕਰਨੀ ਮੁਸ਼ਕਿਲ ਨਹੀਂ। ਉਹਨਾਂ ਕਿਹਾ ਕਿ ਇਮਾਨਦਾਰੀ ਅਤੇ ਮਿਹਨਤ ਨਾਲ ਹਰ ਮੁਕਾਮ ਹਾਸਿਲ ਕੀਤਾ ਜਾ ਸਕਦਾ ਹੈ। ਉਹਨਾਂ ਆਯੋਜਕਾਂ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਖਿਡਾਰੀਆਂ ਨੂੰ ਅਨੁਸ਼ਾਸਨ ਵਿਚ ਰਹਿ ਕੇ ਖੇਡਾਂ ਦਾ ਹਿੱਸਾ ਬਣਨ ਲਈ ਕਿਹਾ।ਚਾਂਸਲਰ ਸਿੱਧੂ ਨੇ ਡਾਇਰੈਕਟਰ ਸਪੋਰਟਸ ਦੀ ਰਹਿਨੁਮਾਈ ਹੇਠ ਜੀ.ਕੇ.ਯੂ. ਵਲੋਂ ਖੇਡਾਂ ਦੇ ਖੇਤਰ ਵਿਚ ਹਾਸਿਲ ਕੀਤੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਰਸਿਟੀ ਨੇ ਰਾਸ਼ਟਰੀ ਪੱਧਰ ਤੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿਚ ਪੰਜਵਾਂ ਸਥਾਨ ਹਾਸਿਲ ਕੀਤਾ ਹੈ ਅਤੇ ਹੁਣ ਕੋਚ ਸਹਿਬਾਨ ਅਤੇ ਖਿਡਾਰੀਆਂ ਦੀ ਮਿਹਨਤ ਸਦਕਾ ਉਹ ਭਵਿੱਖ ਵਿਚ ਰਾਸ਼ਟਰ ਪੱਧਰੀ ਖੇਡਾਂ ਵਿਚ ਭਾਰਤ ਦੀ ਪਹਿਲੀਆਂ ਤਿੰਨ ਯੂਨੀਵਰਸਿਟੀਆਂ ਵਿਚ ਹੋਣਗੇ। ਉਹਨਾਂ ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਤੇ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਚੈੱਕ ਵੀ ਤਕਸੀਮ ਕੀਤੇ।ਪਰੋ ਵਾਈਸ ਚਾਂਸਲਰ ਡਾ. ਧੀਮਾਨ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਸ਼ਰੀਰਕ ਪੱਖੋ ਮਜ਼ਬੂਤ, ਮਾਨਸਿਕ ਪੱਖੋ ਚੇਤੰਨ ਅਤੇ ਆਤਮਿਕ ਪੱਖੋਂ ਚੜਦੀ ਕਲਾ ਵਿਚ ਰਹਿਣ ਦਾ ਮਸਵਰਾ ਦਿੱਤਾ। ਉਹਨਾਂ ਕਿਹਾ ਕਿ ਸ਼ਰੀਰਕ ਅਤੇ ਮਾਨਸਿਕ ਪੱਖੋਂ ਮਜਬੂਤ ਨੌਜਵਾਨ ਪੀੜ੍ਹੀ ਨਿਘਰ ਸਾਮਾਜ ਦਾ ਨਿਰਮਾਣ ਕਰ ਸਕਦੀ ਹੈ। ਉਹਨਾਂ ਖਿਡਾਰੀਆਂ ਨੂੰ ਸਮੇਂ ਬੱਧ, ਯੋਜਨਾ ਬੱਧ ਅਤੇ ਪੱਕੇ ਇਰਾਦੇ ਨਾਲ ਹਰ ਰੋਜ਼ ਲਗਾਤਾਰ ਅਭਿਆਸ ਕਰਨ ਤੇ ਕੋਚ ਸਹਿਬਾਨ ਵੱਲੋਂ ਦੱਸੇ ਨੁੱਕਤਿਆਂ ਦੀ ਪਾਲਣਾ ਕਰਨ ਲਈ ਕਿਹਾ।ਡਾਇਰੈਕਟਰ ਸਪੋਰਟਸ ਡਾ. ਰਾਜ ਕੁਮਾਰ ਸ਼ਰਮਾ ਨੇ ਆਪਣੇ ਸੁਆਗਤੀ ਭਾਸ਼ਣ ਵਿਚ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦੀ ਜਾਣ-ਪਹਿਚਾਣ ਕਰਵਾਈ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਉਹਨਾਂ ਵਰਸਿਟੀ ਪ੍ਰਬੰਧਕਾਂ ਵਲੋਂ ਖਿਡਾਰੀਆਂ ਦੇ ਖੇਡ ਪੱਧਰ ਨੂੰ ਉੱਚਾ ਚੁੱਕਣ ਲਈ ਦਿੱਤੀਆਂ ਜਾ ਰਹੀਆਂ ਖੇਡ ਸਹੂਲਤਾਂ ਅਤੇ ਨਵੇਂ ਖੇਡ ਮੈਦਾਨ ਬਾਰੇ ਵੀ ਦੱਸਿਆ। ਉਹਨਾਂ ਅਨੁਸਾਰ 1500 ਮੀਟਰ ਲੜਕੀਆਂ ਦੀ ਦੌੜ ਵਿਚ ਵਰਖਾ ਰਾਣੀ ਨੇ ਪਹਿਲਾ, ਅਮਰਜੋਤ ਕੌਰ ਨੇ ਦੂਜਾ ਅਤੇ ਰਾਜਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਉਹਨਾਂ ਦੱਸਿਆ ਕਿ ਐਥਲਿਟਿਕ ਮੀਟ ਵਿਚ 13 ਫੈਕਲਟੀਆਂ ਦੇ 250 ਤੋਂ ਜਿਆਦਾ ਖਿਡਾਰੀ 11 ਖੇਡਾਂ ਵਿਚ 33 ਤਗਮਿਆਂ ਲਈ ਜ਼ੋਰ ਅਜਮਾਇਸ਼ ਕਰ ਰਹੇ ਨੇ। ਡਾਇਰੈਕਟਰ ਸੱਭਿਆਚਾਰ ਅਤੇ ਯੁਵਾ ਮਾਮਲੇ ਡਾ. ਕੰਵਲਜੀਤ ਕੌਰ ਦੇ ਨਿਰਦੇਸ਼ਨ ਹੇਠ ਭਾਰਤ ਦੇ ਵੱਖ-ਵੱਖ ਰਾਜਾਂ ਦੇ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਦੇ (ਨਾਚ ਫਿਊਜ਼ਨ) ਦੇ ਸ਼ਾਨਦਾਰ ਪ੍ਰਦਰਸ਼ਨ ਨੇ ਦਰਸ਼ਕਾਂ ਦਾ ਮਨ ਮੋਹ ਲਿਆ।ਆਯੋਜਕਾਂ ਵੱਲੋਂ ਮੁੱਖ ਮਹਿਮਾਨ, ਸਨਮਾਨਿਤ ਮਹਿਮਾਨ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਡਿਪਟੀ ਡਾਇਰੈਕਟਰ ਲੋਕ ਸੰਪਰਕ ਲਵਲੀਨ ਸਚਦੇਵਾ ਤੇ ਡਾ. ਜੀਨੀਅਸ ਵਾਲੀਆ ਨੇ ਮੰਚ ਸੰਚਾਲਕ ਦੀ ਭੂਮਿਕਾ ਬਾਖੂਬੀ ਅਦਾ ਕੀਤੀ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
