Bathinda News: ਮੰਦਰ ਮਾਈਸਰਖਾਨਾ ਵਿਵਾਦ; ਬਠਿੰਡਾ ਜ਼ਿਲ੍ਹੇ ਦੇ ਪਿੰਡ ਮਾਈਸਰਖਾਨਾ ‘ਚ ਇਤਿਹਾਸਕ ਤੇ ਪ੍ਰਾਚੀਨ ਮੰਦਰ ਦੀ ਪ੍ਰਬੰਧਕੀ ਕਮੇਟੀ ਉੱਪਰ ਕਥਿਤ ਕਬਜ਼ੇ ਨੂੰ ਲੈ ਕੇ ਇੱਕ ਸਿਆਸੀ ਆਗੂ ਦੇ ਨਜ਼ਦੀਕੀਆਂ ਵੱਲੋਂ ਕੀਤੀ ਧੱਕੇਸ਼ਾਹੀ ਦੇ ਮਾਮਲੇ ਵਿਚ ਅੱਜ ਹਿੰਦੂ ਸੰਗਠਨਾਂ ਵੱਲੋਂ ਕੀਤੇ ਰੋਸ਼ ਪ੍ਰਦਰਸ਼ਨ ਤੋਂ ਬਾਅਦ ਥਾਣਾ ਕੋਟਫੱਤਾ ਦੀ ਪੁਲਿਸ ਨੇ ਸ਼੍ਰੀ ਸਨਾਤਨ ਧਰਮ ਮਹਾਂਵੀਰ ਦਲ ਦੇ ਪ੍ਰਧਾਨ ਮਹੰਤ ਸਰੂਪ ਬਿਹਾਰੀ ਸ਼ਰਨ ਦੇ ਬਿਆਨਾਂ ਉੱਪਰ ਭੋਲਾ ਸਿੰਘ ਤੇ ਭਗਵੰਤ ਸਿੰਘ ਨਾਂ ਦੇ ਦੋ ਵਿਅਕਤੀਆਂ ਸਹਿਤ ਦਰਜ਼ਨਾਂ ਅਗਿਆਤ ਵਿਅਕਤੀਆਂ ਵਿਰੁਧ ਪਰਚਾ ਦਰਜ਼ ਕਰ ਲਿਆ ਹੈ।ਇਸ ਪਰਚੇ ਦੀ ਮੰਗ ਨੂੰ ਲੈ ਕੇ ਅੱਜ ਦੁਪਿਹਰ ਬਠਿੰਡਾ ਵਿੱਚ ਵੱਖ-ਵੱਖ ਹਿੰਦੂ ਸੰਗਠਨਾਂ ਵੱਲੋਂ ਸਥਾਨਕ ਵਾਲਮੀਕਿ ਚੌਕ ਨਜਦੀਕ ਸੜਕ ਨੂੰ ਜਾਮ ਕਰ ਦਿੱਤਾ ਗਿਆ ਸੀ। ਇਸ ਮੌਕੇ ਪੁੱਜੇ ਉੱਚ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਇਨਸਾਫ਼ ਦਾ ਭਰੋਸਾ ਦਿਵਾਇਆ ਸੀ।
ਇਹ ਵੀ ਪੜ੍ਹੋ Punjabi Singer Rajveer jawanda ਹਾਰੇ ਜਿੰਦਗੀ ਦੀ ਜੰਗ
ਇਸਤੋਂ ਪਹਿਲਾਂ ਰਾਮਬਾਗ ਰੋਡ ‘ਤੇ ਸਥਿਤ ਲਾਰਡ ਰਾਮਾ ਹਾਲ ਦੇ ਵਿਚ ਇਲਾਕੇ ਭਰ ਦੇ ਹਿੰਦੂ ਸੰਗਠਨਾਂ ਵੱਲੋਂ ਇਸ ਮੁੱਦੇ ‘ਤੇ ਮੀਟਿੰਗ ਕੀਤੀ ਗਈ ਅਤੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕਰਨ ‘ਤੇ ਨਰਾਜ਼ਗੀ ਜਤਾਈ ਸੀ।ਇਸ ਮੀਟਿੰਗ ਵਿਚ ਹਿੱਸਾ ਲੈਣ ਵਾਲੇ ਸੰਗਠਨਾਂ ਦੇ ਆਗੂਆਂ ਵਿੱਚ ਸ਼੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਦੇ ਪ੍ਰਧਾਨ ਰਾਜਨ ਗਰਗ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸਰੂਪ ਚੰਦ ਸਿੰਗਲਾ, ਵਿਸਵ ਹਿੰਦੂ ਪ੍ਰੀਸ਼ਦ ਦੇ ਆਗੂ ਸੁਖਪਾਲ ਸਿੰਘ ਸਰਾਂ ਤੇ ਹਿੰਦੂ ਆਗੂ ਸੰਦੀਪ ਪਾਠਕ ਤੋਂ ਇਲਾਵਾ ਵੱਖ ਵੱਖ ਪਾਰਟੀਆਂ ਦੇ ਦਰਜ਼ਨਾਂ ਆਗੂਆਂ ਨੇ ਸੰਬੋਧਨ ਕਰਦਿਆਂ ਦੋਸ਼ ਲਗਾਇਆ ਕਿ ਨਵਰਾਤਰੀ ਦੌਰਾਨ ਇੱਕ ਵਿਧਾਇਕ ਦੇ ਭਰਾ ਦੀ ਅਗਵਾਈ ਵਿਚ ਦਰਜਨਾਂ ਨੌਜਵਾਨਾਂ ਵੱਲੋਂ ਧੱਕੇਸ਼ਾਹੀ ਕੀਤੀ ਗਈ ਅਤੇ ਜੁੱਤੀਆਂ ਪਾ ਕੇ ਮੰਦਰ ਵਿੱਚ ਦਾਖਲ ਹੋ ਕੇ ਬੇਅਦਬੀ ਕੀਤੀ ਤੇ ਨਾਲ ਹੀ ਮੰਦਰ ਕਮੇਟੀ ਦੇ ਮੈਂਬਰਾਂ ਨੂੰ ਚਾਰ ਘੰਟੇ ਤੱਕ ਬੰਧਕ ਬਣਾਇਆ। ਇਸ ਦੌਰਾਨ, ਉਨ੍ਹਾਂ ਨਾਲ ਦੁਰਵਿਵਹਾਰ ਵੀ ਕੀਤਾ ਗਿਆ ਅਤੇ ਉਨ੍ਹਾਂ ਦੇ ਅਹੁਦਿਆਂ ਤੋਂ ਅਸਤੀਫਾ ਦੇਣ ਲਈ ਕਿਹਾ ਗਿਆ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
