Talwandi Sabo News: Guru Kashi University ਦੀ ਜੂਡੋਕਾ ਹਿਮਾਂਸ਼ੀ ਟੋਕਸ ਨੇ 63 ਕਿਲੋਗ੍ਰਾਮ ਭਾਰ ਵਰਗ ਵਿੱਚ ਜੂਨੀਅਰ ਵਰਲਡ ਨੰਬਰ 1 ਰੈਂਕ ਹਾਸਿਲ ਕਰਕੇ ਭਾਰਤ, ਪੰਜਾਬ ਅਤੇ ਯੂਨੀਵਰਸਿਟੀ ਦਾ ਨਾਂ ਚਮਕਾਇਆ ਹੈ। ਖਿਡਾਰਣ ਨੂੰ ਇਹ ਰੈਂਕ ਕਾਸਾਬਲਾਂਕਾ ਅਫਰੀਕਨ ਓਪਨ ਖੇਡਾਂ ਵਿੱਚ ਸੋਨ, ਤਾਈਪੇ ਜੂਨੀਅਰ ਏਸ਼ੀਅਨ ਕੱਪ ਵਿੱਚ ਸੋਨ ਅਤੇ ਜਕਾਰਤਾ ਵਿਖੇ ਹੋਈ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣ ਤੋਂ ਬਾਦ ਸਾਲ 2025 ਵਿੱਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਤੇ ਇਹ ਮਾਣਮੱਤੀ ਉਪਲਬਧੀ ਹਾਸਿਲ ਹੋਈ ਹੈ।ਇਸ ਸ਼ਾਨਾਮੱਤੀ ਪ੍ਰਾਪਤੀ ਤੇ ਗੁਰੂ ਕਾਸ਼ੀ ਪਰਿਵਾਰ ਨੂੰ ਵਧਾਈ ਦਿੰਦਿਆਂ ਚਾਂਸਲਰ ਸ. ਗੁਰਲਾਭ ਸਿੰਘ ਸਿੱਧੂ ਨੇ ਕਿਹਾ ਕਿ ਹਿਮਾਂਸ਼ੀ ਨੇ ਦੁਨੀਆਂ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਜੋ ਇਤਿਹਾਸ ਰਚਿਆ ਹੈ ਉਹ ਬਾਕੀ ਖਿਡਾਰੀਆਂ ਲਈ ਇੱਕ ਪ੍ਰੇਰਣਾਸਰੋਤ ਹੈ। ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ਵਰਸਿਟੀ ਦੇ ਵਾਈਸ ਚਾਸਲਰ, ਡਾਇਰੈਕਟਰ ਸਪੋਰਟਸ, ਕੋਚ ਸਾਹਿਬਾਨ ਅਤੇ ਸਮੂਹ ਸਪੋਰਟਿੰਗ ਸਟਾਫ ਨੂੰ ਦਿੱਤਾ ਅਤੇ ਖਿਡਾਰੀਆਂ ਦੇ ਖੇਡ ਪੱਧਰ ਨੂੰ ਉੱਚਾ ਚੁੱਕਣ ਲਈ ਹੋਰ ਸੁਵਿਧਾਵਾਂ ਦੇਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ‘ਵਰਸਿਟੀ ਖਿਡਾਰੀਆਂ ਦੀ ਹੋਂਸਲਾ ਅਫ਼ਜ਼ਾਈ ਲਈ ਅੰਤਰ-ਰਾਸ਼ਟਰੀ, ਰਾਸ਼ਟਰੀ, ਖੇਲੋ ਇੰਡੀਆ ਅਤੇ ਇੰਟਰ ਯੂਨੀਵਰਸਿਟੀ ਖੇਡਾਂ ਵਿੱਚ ਮੈਡਲ ਹਾਸਿਲ ਕਰਨ ਵਾਲੇ ਖਿਡਾਰੀਆਂ ਲਈ ਸ਼ਾਨਦਾਰ ਸਨਮਾਨ ਸਮਾਰੋਹ ਆਯੋਜਿਤ ਕਰੇਗੀ।ਵਾਈਸ ਚਾਂਸਲਰ ਪ੍ਰੋ. (ਡਾ.)ਰਾਮੇਸ਼ਵਰ ਸਿੰਘ ਨੇ ਖਿਡਾਰਣ ਦੀ ਇਸ ਪ੍ਰਾਪਤੀ ਨੂੰ ਵਰਸਿਟੀ ਦੇ ਖੇਡ ਇਤਿਹਾਸ ਦਾ ਸੁਨਿਹਰੀ ਪੰਨਾ ਦੱਸਦੇ ਹੋਏ ਕਿਹਾ ਕਿ ਵਰਸਿਟੀ ਦੇ ਖਿਡਾਰੀਆਂ ਵੱਲੋਂ ਅੰਤਰ ਰਾਸ਼ਟਰੀ ਪੱਧਰ ਤੇ ਕੀਤੀਆਂ ਜਾ ਰਹੀਆਂ ਪ੍ਰਾਪਤੀਆਂ ਬੁਨਿਆਦੀ ਖੇਡ ਢਾਂਚੇ ਅਤੇ ਪ੍ਰਬੰਧਕਾਂ ਵੱਲੋਂ ਦਿੱਤੀਆਂ ਜਾ ਰਹੀਆਂ ਆਧੁਨਿਕ ਖੇਡ ਸਹੂਲਤਾਂ ਦਾ ਨਤੀਜਾ ਹਨ। ਉਨ੍ਹਾਂ ਖਿਡਾਰੀਆਂ ਨੂੰ ਆਪਣੇ ਟੀਚੇ ਹੋਰ ਉੱਚੇਰੇ ਕਰਨ ਅਤੇ ਉਨ੍ਹਾਂ ਦੀ ਪ੍ਰਾਪਤੀ ਲਈ ਸਮਰਪਣ, ਅਨੁਸ਼ਾਸਨ, ਮਿਹਨਤ ਅਤੇ ਨਿਰੰਤਰ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਡਾਇਰੈਕਟਰ ਸਪੋਰਟਸ ਡਾ. ਰਾਜ ਕੁਮਾਰ ਸ਼ਰਮਾ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾਂ ਕਰਦਿਆਂ ਦੱਸਿਆ ਕਿ ਹਿਮਾਂਸੀ ਟੋਕਸ ਲੜਕੇ ਤੇ ਲੜਕੀਆਂ ਵਿੱਚੋਂ ਇਹ ਮਾਣ ਹਾਸਿਲ ਕਰਨ ਵਾਲੀ ਭਾਰਤ ਦੀ ਪਹਿਲੀ ਜੂਡੋਕਾ ਬਣੀ ਹੈ। ਉਨ੍ਹਾਂ ਕਿਹਾ ਕਿ ਖਿਡਾਰਣ ਦੀ ਇਸ ਪ੍ਰਾਪਤੀ ਨੇ ‘ਵਰਸਿਟੀ ਦੇ ਤਗਮਿਆਂ ਦੇ ਖਜਾਨੇ ਨੂੰ ਹੋਰ ਅਮੀਰ ਕੀਤਾ ਹੈ। ਉਨ੍ਹਾਂ ਬਾਕੀ ਖਿਡਾਰੀਆਂ ਨੂੰ ਹਿਮਾਂਸ਼ੀ ਦੀ ਮਿਹਨਤ, ਸਖ਼ਤ ਅਭਿਆਸ ਅਤੇ ਅਨੁਸ਼ਾਸਨ ਨਾਲ ਤਿਆਰੀ ਕਰਨ ਦਾ ਮਸ਼ਵਰਾ ਦਿੱਤਾ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਸਮੇਂ-ਸਮੇਂ ‘ਤੇ ਰਾਸ਼ਟਰੀ ਪੱਧਰ ਦੀਆਂ ਖੇਡ ਪ੍ਰਤੀਯੋਗਿਤਾਵਾਂ ਦਾ ਆਯੋਜਨ ਕਰਦੀ ਰਹੀ ਹੈ ਜਿਸ ਕਾਰਨ ਜੀ.ਕੇ.ਯੂ. ਦੀ ਇਲਾਕੇ ਵਿੱਚ ਨਿਵੇਕਲੀ ਪਹਿਚਾਣ ਬਣੀ ਹੈ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
