Bathinda News:ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਐਗਰੀਕਲਚਰ ਵੱਲੋਂ “ਰਾਸ਼ਟਰੀ ਪ੍ਰਦੂਸ਼ਨ ਨਿਯੰਤਰਣ ਦਿਹਾੜਾ” ਪ੍ਰਦੂਸ਼ਨ ਦੇ ਵੱਖ-ਵੱਖ ਪਹਿਲੂਆਂ ਤੇ ਐਕਸਪਰਟ ਲੈਕਚਰ ਕਰਕੇ ਮਨਾਇਆ ਗਿਆ। ਜਿਸ ਵਿੱਚ ਪਰੋ ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਨੇ ਮੁੱਖ ਮਹਿਮਾਨ ਅਤੇ ਮਾਹਿਰ ਵਕਤਾ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡੀਨ ਡਾ. ਲੋਕੇਂਦਰ ਕਸ਼ਯਪ, ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਹੋਏ।ਡਾ. ਧੀਮਾਨ ਨੇ ਪ੍ਰਦੂਸ਼ਨ ਦੇ ਮੁੱਦੇ ਨੂੰ ਹੱਲ ਕਰਨਾ ਸਮੇਂ ਦੀ ਵੱਡੀ ਲੋੜ ਦੱਸਦਿਆਂ ਕਿਹਾ ਕਿ ਕੁਦਰਤ ਵੱਲੋਂ ਰਚੇ ਗਏ ਸਾਫ਼ ਸੁਥਰੇ ਸੋਹਣੇ ਵਾਤਾਵਰਨ ਨੂੰ ਮਨੁੱਖਾਂ ਵੱਲੋਂ ਆਪਣੇ ਸਵਾਰਥਾਂ ਤੇ ਨਿਜੀ ਹਿੱਤਾਂ ਕਾਰਨ ਪਲੀਤ ਕੀਤਾ ਜਾ ਰਿਹਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਭੂਮੀ ਪ੍ਰਦੂਸ਼ਨ, ਹਵਾ ਪ੍ਰਦੂਸ਼ਨ, ਪਾਣੀ ਪ੍ਰਦੂਸ਼ਨ, ਧੁਨੀ ਪ੍ਰਦੂਸ਼ਨ, ਪਲਾਸਟਿਕ ਪ੍ਰਦੂਸ਼ਨ, ਐਟਮੀ ਪ੍ਰਦੂਸ਼ਨ, ਰੋਸ਼ਨੀ ਪ੍ਰਦੂਸ਼ਨ ਆਦਿ ਬਾਰੇ ਚਾਨਣਾ ਪਾਉਂਦੇ ਹੋਏ ਆਂਕੜਿਆਂ ਸਹਿਤ ਦੱਸਿਆ ਕਿ ਧਰਤੀ ਦੇ ਤਾਪਮਾਨ ਦੇ ਇੱਕ ਦਮ ਘੱਟਣ ਅਤੇ ਵੱਧਣ ਦਾ ਵੱਡਾ ਕਾਰਨ ਮਨੁੱਖਾਂ ਵੱਲੋਂ ਕੀਤਾ ਜਾ ਰਿਹਾ ਵਾਤਾਵਰਨ ਪ੍ਰਦੂਸ਼ਨ ਹੈ।
ਇਹ ਵੀ ਪੜ੍ਹੋ ਨਸ਼ਾ ਛੁਡਾਊ ਕੇਂਦਰ ਦੇ Dr JS Dhillon ਵਿਸ਼ਵ ਏਡਜ਼ ਦਿਵਸ ਮੌਕੇ ਸਨਮਾਨਿਤ
ਉਨ੍ਹਾਂ ਦੱਸਿਆ ਕਿ ਝੋਨੇ ਦੀ ਪਰਾਲੀ ਦੇ ਸਾੜਨ ਕਾਰਨ ਹੋ ਰਿਹਾ ਹਵਾ ਪ੍ਰਦੂਸ਼ਨ ਵਾਤਾਵਰਣ ਪ੍ਰਦੂਸ਼ਨ ਦਾ ਇਕੱਲਾ ਕਾਰਨ ਨਹੀਂ ਸਗੋਂ ਰੁੱਖਾਂ ਦੀ ਕੀਤੀ ਜਾ ਰਹੀ ਅੰਨੇਵਾਹ ਕਟਾਈ, ਸੜਕਾਂ ਤੇ ਮੋਟਰ ਕਾਰਾਂ ਦੀ ਗਿਣਤੀ ਵੱਧਣ ਅਤੇ ਸਨਅਤੀ ਇਕਾਈਆਂ ਕਾਰਨ ਨਿਕਲ ਰਹੀਆਂ ਜਹਿਰੀਲੀਆਂ ਗੈਸਾਂ, ਘਰਾਂ ਤੇ ਦਫਤਰਾਂ ਵਿੱਚ ਏਅਰ ਕੰਡੀਸ਼ਨਰਾਂ ਦੇ ਚਲਾਉਣ ਕਾਰਨ ਹੁੰਦਾ ਪ੍ਰਦੂਸ਼ਨ, ਭੱਠੇ ਅਤੇ ਕੋਇਲੇ ਨਾਲ ਚੱਲਣ ਵਾਲੇ ਥਰਮਲ ਪਲਾਂਟ ਅਤੇ ਚਿਣਾਈ ਆਦਿ ਦੇ ਕੰਮਾਂ ਕਾਰਣ ਹਵਾ ਵਿੱਚ ਫੈਲਦੇ ਰੇਤ ਮਿੱਟੀ ਦੇ ਕਣਾਂ ਕਰਕੇ ਵੀ ਵਾਤਾਵਰਨ ਪਲੀਤ ਹੋ ਰਿਹਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਜੈਵਿਕ ਖੇਤੀ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜੈਵਿਕ ਖੇਤੀ, ਰਸਾਇਨਾਂ ਤੇ ਜ਼ਹਿਰਾਂ ਦੀ ਘੱਟ ਵਰਤੋਂ ਕਰਕੇ ਵੀ ਫਸਲਾਂ ਤੋਂ ਵੱਧ ਝਾੜ ਲਿਆ ਜਾ ਸਕਦਾ ਹੈ। ਉਨ੍ਹਾਂ ਸਭਨਾਂ ਨੂੰ ਪਾਣੀ ਦੀ ਸੁਚੱਜੀ ਵਰਤੋਂ ਅਤੇ ਇਸ ਦੀ ਸਾਂਭ ਸੰਭਾਲ ਲਈ ਪ੍ਰੇਰਿਤ ਕੀਤਾ।
ਇਹ ਵੀ ਪੜ੍ਹੋ ਵਿਦਿਆਰਥੀਆਂ ਨੂੰ ਅਸਲ ਜੀਵਨ ਅਧਾਰਿਤ ਸਿੱਖਿਆ ਦੇਣ ਲਈ ਇੱਕ ਰੋਜ਼ਾ ਸ਼ਿੱਖਿਆਤਮਕ ਟੂਰ ਲਗਾਇਆ
ਉਨ੍ਹਾਂ ਵਿਦਿਆਰਥੀਆਂ ਨਾਲ ਵਾਤਾਵਰਣ ਦੀ ਸਾਂਭ ਸੰਭਾਲ ਦੇ ਨੁਕਤੇ ਸਾਂਝੇ ਕੀਤੇ। ਇਸ ਮੌਕੇ ਸਰੋਤਿਆਂ ਨੇ ਵਾਤਾਵਰਨ ਦੀ ਸੰਭਾਲ ਅਤੇ ਪੌਦੇ ਲਗਾਉਣ ਦਾ ਪ੍ਰਣ ਲਿਆ ਤੇ ਵਿਦਿਆਰਥੀਆਂ ਦੇ ਸੁਆਲਾਂ ਦਾ ਨਿਵਾਰਨ ਵੀ ਕੀਤਾ। ਮੁੱਖ ਵਕਤਾ ਨੇ ਵਿਦਿਆਰਥੀਆਂ ਨੂੰ ਆਪਣੇ-ਆਪਣੇ ਰਾਜਾਂ ਤੋਂ ਬੀਜ ਜਾਂ ਪੌਦ ਲਿਆ ਕੇ ‘ਵਰਸਿਟੀ ਵਿੱਚ ਉਨ੍ਹਾਂ ਦੀ ਖੇਤੀ ਕਰਕੇ ਜੈਵਿਕ ਸੰਪ੍ਰਦਾ ਨੂੰ ਹੁਲਾਰਾ ਦੇਣ ਦਾ ਮਸ਼ਵਰਾ ਵੀ ਦਿੱਤਾ।ਡਾ. ਕਸ਼ਯਪ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਪ੍ਰਦੂਸ਼ਨ ਰਹਿਤ ਖੇਤੀ ਦੇ ਵਿਕਾਸ ਲਈ ਖੋਜ ਕਾਰਜ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਆਪਣੀ ਖੋਜ ਕਾਰਜਾਂ ਰਾਹੀਂ ਖੇਤੀ ਦੀ ਰਹਿੰਦ-ਖੁਹੰਦ ਦੀ ਸੁਚੱਜੀ ਸਾਂਭ ਸੰਭਾਲ ਅਤੇ ਉਸਦੇ ਉੱਤਮ ਉਪਯੋਗ ਦੇ ਹੱਲ ਲੱਭ ਸਕਦੇ ਹਨ। ਆਜੋਯਕਾਂ ਵੱਲੋਂ ਮੁੱਖ ਵਕਤਾ ਨੂੰ ਪੌਧਾ ਦੇ ਕੇ ਸਨਮਾਨਿਤ ਕੀਤਾ ਗਿਆ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
