Bathinda News: ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਡਾਕਟਰ ਅੰਬੇਡਕਰ ਦੇ ਪਾਰਕ ਵਿੱਚ ਜਿਲਾ ਪੱਧਰੀ ਮੀਟਿੰਗ ਕੀਤੀ ਗਈ । ਜਿਸ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਲਾਏ ਜਾ ਰਹੇ 11ਦਸੰਬਰ ਦੇ ਇਕ ਰੋਜ਼ਾ ਧਰਨੇ ਦੀ ਸਫਲਤਾ ਲਈ ਵਿਚਾਰ ਚਰਚਾ ਕੀਤੀ ਗਈ । ਮੀਟਿੰਗ ਵਿੱਚ ਜ਼ਿਲ੍ਹੇ ਪੱਧਰ ਦੇ ਇਕੱਤਰ ਹੋਏ ਮਜ਼ਦੂਰ ਆਗੂਆਂ ਨੂੰ ਸੰਬੋਧਨ ਕਰਦਿਆ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਅਤੇ ਮਨਦੀਪ ਸਿੰਘ ਸਿਵੀਆਂ ਨੇ ਕਿਹਾ ਕਿ ਮਨਰੇਗਾ ਦੇ ਬੰਦ ਪਏ ਕੰਮ ਨੂੰ ਚਾਲੂ ਕਰਵਾਉਣ, ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਕਰਾਉਣ , ਮਨਰੇਗਾ ਵਿੱਚ ਕੀਤੀ ਜਾ ਰਹੀ ਸਿਆਸੀ ਦਖਲ ਅੰਦਾਜੀ ਨੂੰ ਬੰਦ ਕਰਾਉਣ , ਔਰਤਾਂ ਨੂੰ 1100 ਰੁਪਏ ਦਿਵਾਉਣ , ਵਿਧਵਾ ਬੁਢਾਪਾ ਪੈਨਸ਼ਨ 5000 ਰੁਪਏ ਕਰਵਾਉਣ, ਮੋਦੀ ਤੇ ਭਗਵੰਤ ਮਾਨ ਦੀ ਸਰਕਾਰ ਵੱਲੋਂ ਮਜ਼ਦੂਰਾਂ ਦੀ ਲੁੱਟ ਖਸੁੱਟ ਨੂੰ ਹੋਰ ਵੀ ਤੇਜ਼ ਕਰਨ , ਉਨਾਂ ਦੇ ਯੂਨੀਅਨ ਬਣਾਉਣ ਦੇ ਜਮਹੂਰੀ ਹੱਕ ਨੂੰ ਖਤਮ ਕਰਨ ਰਾਹੀ ਕਾਰਪੋਰੇਟ ਘਰਾਣਿਆ ਦੀਆਂ ਗੋਗੜਾਂ ਭਰਨ ਲਈ ਲਾਗੂ ਕੀਤੇ ਚਾਰ ਲੇਬਰ ਕੋਡਾ ਨੂੰ ਖਤਮ ਕਰਾਉਣ , ਕਿਸਾਨ ਮਜ਼ਦੂਰ ਪੱਖੀ ਖੇਤੀ ਨੀਤੀ ਨੂੰ ਲਾਗੂ ਕਰਵਾਕੇ ਖੇਤੀ ਅਧਾਰਿਤ ਉਦਯੋਗ ਲਗਾਉਣ ਅਤੇ ਜ਼ਮੀਨੀ ਸੁਧਾਰ ਕਾਨੂੰਨਾਂ ਤਹਿਤ ਫਾਲਤੂ ਜਮੀਨਾਂ ਦੀ ਵੰਡ ਕਰਨ, ਬਿਜਲੀ ਸੋਧ ਐਕਟ 2025 ਨੂੰ ਰੱਦ ਕਰਾਉਣ , ਪਿੰਡਾਂ ਅੰਦਰ ਲਾਏ ਜਾ ਰਹੇ ਚਿਪ ਵਾਲੇ ਮੀਟਰਾਂ ਨੂੰ ਬੰਦ ਕਰਾਉਣ ਆਦਿ ਮੰਗਾਂ ਦੀ ਪ੍ਰਾਪਤੀ ਲਈ ਧਰਨਾ ਲਾਇਆ ਜਾ ਰਿਹਾ ਹੈ
ਇਹ ਵੀ ਪੜ੍ਹੋ ਭਾਜਪਾ ਹਰ ਤਰੀਕੇ ਨਾਲ ਸੰਵਿਧਾਨ ਨੂੰ ਕਮਜ਼ੋਰ ਕਰ ਰਹੀ ਹੈ:ਵੜਿੰਗ
ਉਹਨਾਂ ਕਿਹਾ ਕਿ ਬਦਲਾਅ ਦਾ ਵਾਅਦਾ ਕਰਕੇ ਸਤਾ ਵਿੱਚ ਆਈ ਭਗਵੰਤ ਮਾਨ ਦੀ ਸਰਕਾਰ ਵੱਲੋਂ ਮਜ਼ਦੂਰਾਂ ਨਾਲ ਲਗਾਤਾਰ ਵਿਤਕਰਾ ਕਰਕੇ ਉਹਨਾਂ ਦੀਆਂ ਮੰਗਾਂ ਮਸਲਿਆਂ ਨੂੰ ਅਣਗੌਲਿਆਂ ਕਰਕੇ ਮਜ਼ਦੂਰਾਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ । ਉਹਨਾਂ ਕਿਹਾ ਕਿ ਮਨਰੇਗਾ ਦਾ ਕੰਮ ਬੰਦ ਕਰਕੇ ਸਰਕਾਰ ਨੇ ਮਜ਼ਦੂਰ ਘਰਾਂ ਦੇ ਚੁੱਲਿਆਂ ਨੂੰ ਠੰਡਾ ਕਰ ਦਿੱਤਾ ਹੈ । ਮਨਰੇਗਾ ਵਿੱਚ ਕੀਤੇ ਕੰਮ ਦੇ ਬਕਾਏ ਵੀ ਮਜ਼ਦੂਰਾਂ ਨੂੰ ਸਮੇਂ ਸਿਰ ਨਹੀਂ ਦਿੱਤੇ ਜਾ ਰਹੇ । ਇਸ ਤੋਂ ਇਲਾਵਾ ਚੋਣਾਂ ਵੇਲੇ ਕੀਤੇ ਪੈਨਸ਼ਨ 2500 ਕਰਨ ਅਤੇ ਔਰਤਾਂ ਨੂੰ 1100 ਦੇਣ ਦੇ ਵਾਅਦੇ ਵੀ ਮਜ਼ਦੂਰਾਂ ਨੂੰ ਵਫਾ ਨਹੀਂ ਕੀਤੇ । ਸਰਕਾਰ ਵੱਲੋਂ ਮਜ਼ਦੂਰ ਘਰਾਂ ਅੰਦਰੋਂ ਆਨੇ ਬਹਾਨੇ ਕਰਕੇ ਚਲਦੇ ਸਹੀ ਮੀਟਰਾਂ ਨੂੰ ਪੁੱਟ ਕੇ ਉਹਨਾਂ ਦੀ ਥਾਂ ਚਿੱਪ ਵਾਲੇ ਮੀਟਰ ਲਗਾ ਕੇ ਮਜ਼ਦੂਰ ਘਰਾਂ ਵਿੱਚ ਹਨੇਰਾ ਪਾਉਣ ਦੀਆਂ ਕੋਸਿਸ਼ਾਂ ਕੀਤੀਆਂ ਜਾ ਰਹੀਆ ਹਨ। ਜਿਸ ਨੂੰ ਖੇਤ ਮਜ਼ਦੂਰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ । ਮਜ਼ਦੂਰ ਆਗੂਆ ਨੇ ਸਰਕਾਰ ਵੱਲੋਂ ਮਨਰੇਗਾ ਕੰਮ ਵਿੱਚ 50 ਦਿਨਾਂ ਦੇ ਕੀਤੇ ਫੈਸਲੇ ਨੂੰ ਮਜ਼ਦੂਰਾਂ ਦੀ ਅੰਸਿਕ ਜਿੱਤ ਕਰਾਰ ਦਿੰਦਿਆ ਮਜ਼ਦੂਰਾਂ ਨੂੰ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੰਦਿਆ ਖੇਤ ਮਜ਼ਦੂਰਾਂ ਨੂੰ ਧਰਨੇ ਵਿੱਚ ਪਰਿਵਾਰਾਂ ਸਮੇਤ ਸਮੂਲੀਅਤ ਕਰਨ ਦੀ ਅਪੀਲ ਕੀਤੀ ਹੈ ਹੋਰਨਾਂ ਤੋਂ ਇਲਾਵਾ ਮੀਟਿੰਗ ਵਿੱਚ ਗੁਰਮੀਤ ਸਿੰਘ ਕੋਟਗੁਰੂ, ਗੁਰਦੇਵ ਸਿੰਘ ਦਿਉਣ, ਨਛੱਤਰ ਸਿੰਘ ਚੱਠੇਵਾਲਾ , ਕਾਕਾ ਸਿੰਘ ਜੀਦਾ , ਜਰਨੈਲ ਸਿੰਘ ਚਨਾਰਥਲ, ਕਾਲਾ ਸਿੰਘ ਅਤਰ ਸਿੰਘ ਵਾਲਾ ਆਦਿ ਆਗੂ ਸ਼ਾਮਲ ਸਨ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
