Sri Anandpur Sahib News: Amarjit Chawla Rape Case; ਸਿੱਖਾਂ ਦੇ ਪਵਿੱਤਰ ਤਖ਼ਤ ਸ਼੍ਰੀ ਕੇਸਗੜ੍ਹ (ਸ਼੍ਰੀ ਅਨੰਦਪੁਰ ਸਾਹਿਬ) ਦੀਆਂ ਸਰਾਵਾਂ ਵਿਖੇ ਬਹਿਰੀਨ ਤੋਂ ਆਈ ਇੱਕ ਬੀਬੀ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਵੱਲੋਂ ਕੀਤੇ ਕਥਿਤ ਬਲਾਤਕਾਰ ਦੇ ਮਾਮਲੇ ਵਿਚ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿਵਾਦਤ ਆਗੂ ਵਿਰਸਾ ਸਿੰਘ ਵਲਟੋਹਾ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜ਼ਰ ਦੀਆਂ ਮੁਸ਼ਕਿਲਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ। ਪੀੜਤ ਬੀਬੀ ਦੇ ਦਾਅਵੇ ਮੁਤਾਬਕ ਇੱਕ ਸਿੱਖ ਆਗੂ ਨੂੰ ਫ਼ਸਾਉਣ ਦੇ ਲਈ ਦੁਬਈ ਤੋਂ ਵਿਸ਼ੇਸ ਟਿਕਟਾਂ ਭੇਜ ਕੇ ਪੰਜਾਬ ਸੱਦਣ ਵਾਲੇ ਇੰਨ੍ਹਾਂ ਦੋਨਾਂ ਆਗੂਆਂ ਨੂੰ ਹੁਣ ਇਸ ਮਾਮਲੇ ਵਿਚ ਪੰਜਾਬ ਸਰਕਾਰ ਵੱਲੋਂ ਬਣਾਈ ਵਿਸ਼ੇਸ ਜਾਂਚ ਟੀਮ ਵੱਲੋਂ ਪੁਛਗਿਛ ਲਈ ਤਲਬ ਕਰ ਲਿਆ ਹੈ।
ਇਸ ਮਾਮਲੇ ਵਿਚ ਸ਼੍ਰੀ ਅਨੰਦਪੁਰ ਸਾਹਿਬ ਪੁਲਿਸ ਨੇ ਲੰਘੀ 21 ਅਗਸਤ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਚਾਵਲਾ ਵਿਰੁਧ ਪਰਚਾ ਦਰਜ਼ ਕੀਤਾ ਸੀ। ਜਿਸਤੋਂ ਬਾਅਦ ਚਾਵਲਾ ਦੇ ਵਿਦੇਸ਼ ਭੱਜਣ ਦੀਆਂ ਚਰਚਾਵਾਂ ਹਨ। ਹਾਲਾਂਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਮਰਜੀਤ ਸਿੰਘ ਚਾਵਲਾ ਅਤੇ ਹੈੱਡ ਗਰੰਥੀ ਮਲਕੀਤ ਸਿੰਘ ਨੂੰ ਸਿੱਖ ਪੰਥ ਵਿਚੋਂ ਖਾਰਜ਼ ਕਰ ਦਿੱਤਾ ਸੀ। ਪ੍ਰੰਤੂ ਇਹ ਵਿਵਾਦ ਹਾਲੇ ਵੀ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦਾ ਪਿੱਛਾ ਛੱਡਦਾ ਨਜ਼ਰ ਨਹੀਂ ਆ ਰਿਹਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਫ਼ਰੀਦਕੋਟ ਦੇ ਐਸਐਸਪੀ ਗੁਰਬੰਸ ਸਿੰਘ ਬਰਾੜ ਦੀ ਅਗਵਾਈ ਹੇਠ ਤਿੰਨ ਮੈਂਬਰੀ ਜਾਂਚ ਟੀਮ ਬਣਾਈ ਗਈ ਸੀ, ਜਿਸ ਵਿਚ ਮੋਹਾਲੀ ਦੇ ਐਸਐਸਪੀ ਵਿਜੀਲੈਂਸ ਸਿਮਰਜੀਤ ਸਿੰਘ ਤੇ ਡੀਐਸਪੀ ਡੇਰਾ ਬੱਸੀ ਕਰਨ ਸੰਧੂ ਨੁੰ ਸ਼ਾਮਲ ਕੀਤਾ ਗਿਆ ਸੀ।
ਇਸ ਟੀਮ ਵੱਲੋਂ ਦੋ ਦਿਨ ਪਹਿਲਾਂ ਪੀੜਤ ਬੀਬੀ ਨਾਲ ਮੁਲਾਕਾਤ ਕਰਕੇ ਉਸਦੇ ਮੁੜ ਬਿਆਨ ਲਏ ਗਏ ਸਨ ਤੇ ਨਾਲ ਹੀ ਉਸਨੂੰ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਉਸਦੇ ਠਹਿਰਾਅ ਵਾਲੀਆਂ ਥਾਵਾਂ ਦਾ ਦੌਰਾ ਕੀਤਾ ਗਿਆ ਸੀ। ਮਹਿਲਾ ਨੇ ਇੱਕ ਵੀਡੀਓ ਜਾਰੀ ਕਰਕੇ ਦੋਸ਼ ਲਗਾਇਆ ਸੀ ਕਿ ਉਸਨੁੰ ਯੂਥ ਆਗੂ ਸਰਬਜੀਤ ਸਿੰਘ ਝਿੰਜ਼ਰ ਤੇ ਵਿਰਸਾ ਸਿੰਘ ਵਲਟੋਹਾ ਨੇ ਇੱਕ ਵਿਸ਼ੇਸ ਕਾਰਜ਼ ਲਈ ਦੁਬਈ ਤੋਂ ਟਿਕਟਾਂ ਭੇਜ ਕੇ ਇੱਥੇ ਸੱਦਿਆ ਸੀ। ਇਸ ਦੌਰਾਨ ਉਸਦੇ ਨਾਲ ਬਲਾਤਕਾਰ ਕੀਤਾ ਗਿਆ ਤੇ ਇਸਦੇ ਬਾਰੇ ਉਸਦੇ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿਦਰ ਸਿੰਘ ਧਾਮੀ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਜਾਣਕਾਰੀ ਦਿੱਤੀ ਗਈ ਸੀ।
ਇਹ ਵੀ ਪੜ੍ਹੋ 👉parvinder singh jhota murder case; ਪੰਜਾਬ ‘ਚ ਬੰਦ ਦਾ ਅਸਰ ਦਿਖਣਾ ਸ਼ੁਰੂ; ਐਮਰਜੈਂਸੀ ਨੂੰ ਛੱਡ ਸਾਰੀਆਂ ਸੇਵਾਵਾਂ ਠੱਪ
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
