ਚੋਰੀ ਕੀਤਾ ਸਮਾਨ ਅਤੇ ਗੱਡੀ ਬਰਾਮਦ,ਪਿੰਡ ਕਮਾਲਕੇ ਦਾ ਹੀ ਨਿਕਲਿਆ ਮਾਸਟਰਮਾਈਂਡ
Moga News: ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਪਿੰਡ ਕਮਾਲਕੇ ਵਿੱਚ ਹੋਈ ਲੱਖਾਂ ਰੁਪਏ ਦੀ ਚੋਰੀ ਦੀ ਵਾਰਦਾਤ ਨੂੰ ਸੁਚੱਜੇ ਢੰਗ ਨਾਲ ਟਰੇਸ ਕਰ ਲਿਆ ਗਿਆ। ਇਸ ਮਾਮਲੇ ਵਿੱਚ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰਦੇ ਹੋਏ ਚੋਰੀ ਕੀਤਾ ਵੱਡਾ ਸਮਾਨ ਅਤੇ ਵਾਰਦਾਤ ਵਿੱਚ ਵਰਤੀ ਗਈ ਗੱਡੀ ਵੀ ਬਰਾਮਦ ਕਰ ਲਈ ਗਈ ਹੈ।ਡੀ.ਜੀ.ਪੀ ਪੰਜਾਬ ਅਤੇ SSP ਮੋਗਾ ਸ੍ਰੀ ਅਜੇ ਗਾਂਧੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ, ਉਪ ਕਪਤਾਨ ਪੁਲਿਸ ਧਰਮਕੋਟ ਸ੍ਰੀ ਜਸਵਰਿੰਦਰ ਸਿੰਘ ਦੀ ਰਹਿਨੁਮਾਈ ਹੇਠ SHO ਲਛਮਣ ਸਿੰਘ ਅਤੇ ਚੌਂਕੀ ਇੰਚਾਰਜ਼ ਕਮਾਲਕੇ ASI ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਇਹ ਕਾਰਵਾਈ ਕੀਤੀ ਗਈ।ਪੁਲਿਸ ਅਨੁਸਾਰ, ਮਿਤੀ 28-02-2026 ਅਤੇ 01-03-2026 ਦੀ ਦਰਮਿਆਨੀ ਰਾਤ ਨੂੰ ਪਿੰਡ ਕਮਾਲਕੇ ਵਿੱਚ ਤਿੰਨ ਦੁਕਾਨਾਂ ਦੇ ਸ਼ਟਰ ਤੋੜ ਕੇ ਲੋਹੇ ਦੇ ਪਾਰਟਸ, ਮੋਟਰਾਂ, ਬਿਜਲੀ ਦੇ ਸਮਾਨ ਅਤੇ ਕਰਿਆਨੇ ਦਾ ਲਗਭਗ 7 ਲੱਖ ਰੁਪਏ ਦਾ ਸਮਾਨ ਚੋਰੀ ਕੀਤਾ ਗਿਆ ਸੀ।ਇਸ ਸਬੰਧੀ ਥਾਣਾ ਧਰਮਕੋਟ ਵਿੱਚ ਮੁਕੱਦਮਾ ਨੰਬਰ 49 ਮਿਤੀ 01-03-2026 ਅਧੀਨ ਧਾਰਾ 331(4), 305, 324 BNS ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ। ਪੁਲਿਸ ਨੇ ਟੈਕਨੀਕਲ ਢੰਗ ਨਾਲ ਅਤੇ ਸੀਸੀਟੀਵੀ ਕੈਮਰਿਆਂ ਦੀ ਬਰੀਕੀ ਨਾਲ ਜਾਂਚ ਕਰਦੇ ਹੋਏ ਦੋਸ਼ੀਆਂ ਤੱਕ ਪਹੁੰਚ ਕੀਤੀ।ਗ੍ਰਿਫਤਾਰ ਦੋਸ਼ੀ;ਮਨਦੀਪ ਸਿੰਘ,ਈਦਰੀਸ਼ ਰਜ਼ਾ ਉਰਫ ਚਾਂਦ ,ਕੁਮਾਰ ਮਹਤੋ ਉਰਫ ਰਾਜੂ ਮਹਤੋ ,ਮਹਿਕਰਨ ਸਾਰੇ ਦੋਸ਼ੀਆਂ ਨੂੰ 19 ਮਾਰਚ 2026 ਨੂੰ ਗ੍ਰਿਫਤਾਰ ਕੀਤਾ ਗਿਆ।ਦੋਸ਼ੀਆਂ ਦੇ ਕਬਜ਼ੇ ਵਿੱਚੋਂ ਵਾਰਦਾਤ ਵਿੱਚ ਵਰਤੀ ਗਈ “ਛੋਟਾ ਹਾਥੀ” ਗੱਡੀ ਸਮੇਤ ਸਮਾਨ ਬਰਾਮਦ ਕੀਤਾ ਗਿਆ।ਬਰਾਮਦ ਸਮਾਨ ਦੀ ਕੁੱਲ ਕੀਮਤ ਕਰੀਬ 3,85,000 ਰੁਪਏ ਅੰਕਿਤ ਕੀਤੀ ਗਈ ਹੈ।ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਇਹ ਚੋਰੀ ਬਲਜੀਤ ਸਿੰਘ ਵਾਸੀ ਕਮਾਲਕੇ ਦੀ ਸਾਜ਼ਿਸ਼ ਹੇਠ ਕੀਤੀ ਗਈ ਸੀ। ਇਸ ਤੋਂ ਇਲਾਵਾ ਰਵੀ ਅਤੇ ਟੇਢਾ ਨਾਂ ਦੇ ਸਾਥੀਆਂ ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਦੀ ਭਾਲ ਜਾਰੀ ਹੈ।ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਹੋਰ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। ਦੋਸ਼ੀਆਂ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਕਈ ਮਾਮਲੇ ਦਰਜ ਹਨ।
