Bathinda News:ਸ਼੍ਰੀ ਸਨਾਤਨ ਧਰਮ ਗਰੁੱਪ ਆਫ਼ ਗਰਲਜ਼ ਕਾਲਜਿਜ਼, ਬਠਿੰਡਾ ਵੱਲੋਂ 44ਵੇਂ ਸਲਾਨਾ ਖੇਡ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਅਵਨੀਤ ਕੌਰ ਸਿੱਧੂ (ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ, ਪੰਜਾਬ)ਨੇ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨਾਂ ਵਿੱਚ ਮਮਤਾ ਸੇਠੀ (ਡੀ.ਈ.ਓ. ਸੈਕੰਡਰੀ, ਬਠਿੰਡਾ) ਅਤੇ ਸ. ਬਰਿੰਦਰ ਸਿੰਘ (ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਧਿਕਾਰੀ, ਬਠਿੰਡਾ) ਸ਼ਾਮਿਲ ਰਹੇ। ਗੈਸਟ ਆਫ਼ ਆਨਰ ਵਜੋਂ ਐਡਵੋਕੇਟ ਅਭੇ ਸਿੰਗਲਾ (ਪ੍ਰਧਾਨ, ਐੱਸ.ਐੱਸ.ਡੀ. ਸਭਾ) ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।ਖੇਡ ਸਮਾਗਮ ਦੀ ਸ਼ੁਰੂਆਤ ਸ਼ਾਨਦਾਰ ਮਾਰਚ ਪਾਸਟ ਨਾਲ ਹੋਈ, ਜਿਸ ਵਿੱਚ ਐੱਨ.ਸੀ.ਸੀ.,ਐੱਨ.ਐੱਸ.ਐੱਸ., ਐੱਸ.ਐੱਸ.ਡੀ. ਗਰਲਜ਼ ਕਾਲਜ, ਐੱਸ.ਐੱਸ.ਡੀ. ਡਬਲਿਊ.ਆਈ.ਟੀ. ਅਤੇ ਐੱਸ.ਐੱਸ.ਡੀ. ਕਾਲਜ ਆਫ਼ ਐਜੂਕੇਸ਼ਨ ਦੀਆਂ ਟੀਮਾਂ ਨੇ ਸੁਚੱਜੇ ਕਦਮਾਂ ਅਤੇ ਅਨੁਸ਼ਾਸਨ ਨਾਲ ਭਾਗ ਲਿਆ। ਮੁੱਖ ਮਹਿਮਾਨ ਏ.ਆਈ.ਜੀ. ਅਵਨੀਤ ਕੌਰ ਸਿੱਧੂ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਅਤੇ ਮਾਰਚ ਪਾਸਟ ਦੀ ਸਲਾਮੀ ਲਈ ਗਈ। ਇਸ ਤੋਂ ਬਾਅਦ ਵਿਦਿਆਰਥਣਾਂ ਵੱਲੋਂ ਮਸ਼ਾਲ ਦੀ ਰਸਮ ਅਦਾ ਕੀਤੀ ਗਈ, ਜਿਸ ਨੇ ਖੇਡਾਂ ਦੀ ਜੋਤ ਨੂੰ ਖਿਡਾਰੀਆਂ ਅੰਦਰ ਜਗਾਉਂਦੇ ਹੋਏ ਉਤਸ਼ਾਹ ਦਾ ਮਾਹੌਲ ਬਣਾਇਆ। ਇਸ ਉਪਰੰਤ ਖਿਡਾਰਣ ਪਰਵੀਨ ਕੌਰ ਦੁਆਰਾ ਸਾਰੇ ਖਿਡਾਰੀਆਂ ਨੂੰ ਸੱਚੀ ਖੇਡ ਭਾਵਨਾ, ਇਮਾਨਦਾਰੀ ਅਤੇ ਅਨੁਸ਼ਾਸਨ ਨਾਲ ਖੇਡਣ ਦੀ ਸਹੁੰ ਚੁਕਾਈ ਗਈ।
ਇਹ ਵੀ ਪੜ੍ਹੋ ਥਾਣਾ ਸਿਟੀ ਸਾਊਥ ਮੋਗਾ ਵੱਲੋਂ ਮੋਟਰਸਾਈਕਲ ਚੋਰੀ ਮਾਮਲੇ ਵਿੱਚ ਵੱਡੀ ਕਾਮਯਾਬੀ
ਇਸ ਖੇਡ ਸਮਾਗਮ ਦੇ ਅੰਤਰਗਤ ਵਿਭਿੰਨ ਖੇਡ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ 100 ਮੀਟਰ ਦੌੜ ,200 ਮੀਟਰ ਦੌੜ ,400 ਮੀਟਰ ਦੌੜ, ਰਿਲੇ ਰੇਸ, ਲੰਮੀ ਛਲਾਂਗ, ਸ਼ਾਟ-ਪੁਟ ਅਤੇ ਰੱਸਾਕਸ਼ੀ ਸਮੇਤ ਕਈ ਮਨੋਰੰਜਕ ਖੇਡ ਮੁਕਾਬਲੇ ਜਿਵੇਂ ਬਾਲ ਬੈਲੈਂਸ ਰੇਸ, ਮਕੜੀ ਰੇਸ, ਅਬਸਟੈਕਲ ਰੇਸ ਅਤੇ ਬੈਲੂਨ ਰੇਸ ਦਾ ਆਯੋਜਨ ਕੀਤਾ ਗਿਆ। ਕਾਲਜ ਦੀਆਂ ਸਮੂਹ ਵਿਦਿਆਰਥਣਾਂ ਨੇ ਬੇਮਿਸਾਲ ਜੋਸ਼, ਦ੍ਰਿੜਤਾ ਅਤੇ ਸੱਚੀ ਖੇਡ ਭਾਵਨਾ ਨਾਲ ਭਾਗ ਲਿਆ।ਅਲੱਗ-ਅਲੱਗ ਖੇਡਾਂ ਵਿੱਚ ਜੇਤੂ ਰਹੀਆਂ ਖਿਡਾਰਣਾਂ ਦੇ ਅੰਕਾਂ ਦੇ ਆਧਾਰ ‘ਤੇ ‘ਸਰਵੋਤਮ ਖਿਡਾਰੀ’ ਦੀ ਚੋਣ ਕੀਤੀ ਗਈ, ਜਿਨ੍ਹਾਂ ਵਿੱਚੋਂ ਐੱਸ.ਐੱਸ.ਡੀ. ਗਰਲਜ਼ ਕਾਲਜ ਵਿਚੋਂ ਬੀ.ਕਾਮ ਭਾਗ ਦੂਜਾ ਦੀ ਅਰਸ਼ਦੀਪ ਕੌਰ, ਐੱਸ.ਐੱਸ.ਡੀ. ਡਬਲਿਊ.ਆਈ.ਟੀ. ਵਿੱਚੋਂ ਬੀ ਸੀ ਏ ਭਾਗ ਦੂਜਾ ਦੀ ਹੁਸਨਪ੍ਰੀਤ ਕੌਰ ਅਤੇ ਐੱਸ.ਐੱਸ.ਡੀ. ਕਾਲਜ ਆਫ਼ ਐਜੂਕੇਸ਼ਨ ਵਿੱਚੋਂ ਗੁਰਮਨ ਕੌਰ ਨੂੰ ‘ਸਰਵੋਤਮ ਖਿਡਾਰੀ’ ਘੋਸ਼ਿਤ ਕੀਤਾ ਗਿਆ। ਜੇਤੂ ਖਿਡਾਰੀਆਂ ਨੂੰ ਮਹਿਮਾਨਾਂ ਵੱਲੋਂ ਇਨਾਮ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਕਾਲਜ ਦੀ ਵਿਦਿਆਰਥਣ ਗੁਰਸ਼ਰਨ ਕੌਰ ਨੂੰ ਵਿਭਿੰਨ ਵਿਸ਼ਵ ਰਿਕਾਰਡ ਬਣਾਉਣ ਲਈ ਕਾਲਜ ਵਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਸ ਦੇ ਨਾਲ ਹੀ ਕਾਲਜ ਨੂੰ ਅਥਾਹ ਸਹਿਯੋਗ ਦੇਣ ਲਈ ਸ੍ਰੀ ਰਮੇਸ਼ ਗਰਗ ਨੂੰ ਵੀ ਸਨਮਾਨਿਤ ਕੀਤਾ ਗਿਆ।ਮੰਚ ਸੰਚਾਲਕ ਦੀ ਭੂਮਿਕਾ ਡਾ. ਤਾਰੂ ਮਿੱਤਲ, ਡਾ. ਏਕਤਾ ਗਰਗ,ਡਾ. ਮਨਿੰਦਰ ਕੌਰ ਅਤੇ ਡਾ. ਸਿਮਰਜੀਤ ਕੌਰ ਵੱਲੋਂ ਨਿਭਾਈ ਗਈ।
ਇਹ ਵੀ ਪੜ੍ਹੋ Guru Kashi University ਨੇ ਲਗਾਇਆ ਦੰਦਾਂ ਦਾ ਮੁਫ਼ਤ ਚੈਕਅੱਪ ਕੈਂਪ
ਸਮਾਗਮ ਦੇ ਅੰਤ ਵਿੱਚ ਮੁੱਖ ਮਹਿਮਾਨ ਏ.ਆਈ.ਜੀ ਅਵਨੀਤ ਕੌਰ ਸਿੱਧੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜ਼ਿੰਦਗੀ ਵਿੱਚ ਜੇਤੂ ਉਹੀ ਹੈ ਜੋ ਹਾਰ ਕੇ ਵੀ ਲੜਨ ਦੀ ਤਾਕਤ ਰੱਖਦਾ ਹੈ। ਮੈਦਾਨ ਵਿੱਚ ਹਮੇਸ਼ਾਂ ਕੁਝ ਸਿੱਖਣ ਦੇ ਨਜ਼ਰੀਏ ਅਤੇ ਸਕਾਰਾਤਮਕ ਸੋਚ ਨਾਲ ਆਓ। ਜ਼ਿੰਦਗੀ ਨੂੰ ਬੇਲੋੜੇ ਭਾਰ ਤੋਂ ਮੁਕਤ ਰੱਖੋ। ਉਨ੍ਹਾਂ ਵਿਦਿਆਰਥੀਆਂ ਦੀ ਮਿਹਨਤ, ਅਨੁਸ਼ਾਸਨ ਅਤੇ ਖੇਡ ਪ੍ਰਤੀ ਜਜ਼ਬੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਹਮੇਸ਼ਾਂ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਕਾਲਜ ਪ੍ਰਿੰਸੀਪਲ ਡਾ.ਨੀਰੂ ਗਰਗ ਦੁਆਰਾ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਇਸੇ ਜਜ਼ਬੇ ਨਾਲ਼ ਹਰ ਕੰਮ ਨੂੰ ਨੇਪਰੇ ਚਾੜ੍ਹਨ ਲਈ ਪ੍ਰੇਰਿਆ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ ਅਤੇ ਜਨਰਲ ਸਕੱਤਰ ਸ੍ਰੀ ਵਿਕਾਸ ਗਰਗ ਨੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਮੈਡਮ ਰਾਜਪਾਲ ਕੌਰ, ਸਮੂਹ ਵਿਦਿਆਰਥੀਆਂ ਅਤੇ ਕਾਲਜ ਅਮਲੇ ਨੂੰ ਇਸ 44ਵੇਂ ਸਲਾਨਾ ਖੇਡ ਸਮਾਗਮ ਦੇ ਸਫ਼ਲਤਾਪੂਰਵਕ ਸੰਪੰਨ ਹੋਣ ਲਈ ਵਧਾਈ ਦਿੱਤੀ। ਇਸ ਸਮੇਂ ਐੱਸ.ਐੱਸ.ਡੀ. ਸਭਾ ਤੋਂ ਸ੍ਰੀ ਕੇ.ਕੇ. ਅਗਰਵਾਲ, ਸ੍ਰੀ ਆਸ਼ੂਤੋਸ਼ ਚੰਦਰ ਸ਼ਰਮਾ, ਸ੍ਰੀ ਸੁਦਰਸ਼ਨ ਗੋਇਲ ਆਦਿ ਵੀ ਹਾਜ਼ਰ ਰਹੇ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
