Bathinda News: ਬਸੰਤ ਪੰਚਮੀ ਮੌਕੇ ਪਤੰਗਬਾਜ਼ੀ ਦੇ ਸ਼ੌਕੀਨਾਂ ਨੇ ਆਸਮਾਨ ਵਿਚ ਰੰਗ-ਬਰੰਗੀਆਂ ਪਤੰਗਾਂ ਉਡਾ ਕੇ ਖੂਬ ਆਨੰਦ ਮਾਣਿਆ। ਬੀਤੀ ਰਾਤ ਤੋਂ ਸਵੇਰੇ ਤੱਕ ਰੁਕ ਰੁਕ ਕੇ ਹੁੰਦੀ ਰਹੀ ਬਾਰਸ਼ ਨੇ ਇੰਨਾ ਨੂੰ ਜਿੱਥੇ ਚਿੰਤਾ ਵਿੱਚ ਪਾਇਆ ਰੱਖਿਆ, ਉੱਥੇ ਹੀ ਅੱਜ ਸਵੇਰੇ ਤੋਂ ਪੁਲਿਸ ਵੀ ਗਲੀਆਂ ਤੇ ਲੋਕਾਂ ਦੀਆਂ ਛੱਤਾਂ ‘ਤੇ ਗੇੜੇ ਮਾਰਦੀ ਰਹੀ। ਹਾਲਾਂਕਿ ਮੌਸਮ ਸਾਫ਼ ਹੋਣ ਨਾਲ ਹੀ ਬਠਿੰਡਾ ਦਾ ਆਸਮਾਨ ਰੰਗ-ਬਿਰੰਗੀਆਂ ਪਤੰਗਾਂ ਨਾਲ ਭਰ ਗਿਆ ਅਤੇ ਸ਼ਹਿਰ ਭਰ ਵਿੱਚ ਬਸੰਤ ਦੀ ਖੁਸ਼ੀ ਖਿੜ ਉਠੀ।ਸਵੇਰ ਦੀ ਬਰਸਾਤ ਕਾਰਨ ਲੋਕਾਂ ਨੂੰ ਅੰਦਾਜ਼ਾ ਸੀ ਕਿ ਸ਼ਾਇਦ ਇਸ ਵਾਰ ਬਸੰਤ ਪੰਚਮੀ ਦੀ ਰੌਣਕ ਫਿੱਕੀ ਰਹੇਗੀ, ਪਰ ਬੱਦਲ ਛਟਣ ਅਤੇ ਤੇਜ਼ ਹਵਾ ਚੱਲਣ ਨਾਲ ਪਤੰਗਬਾਜ਼ ਡਾਢੇ ਖੁਸ਼ ਨਜ਼ਰ ਆਏ। ਘਰਾਂ ਦੀਆਂ ਛੱਤਾਂ ’ਤੇ ਬੱਚਿਆਂ, ਨੌਜਵਾਨਾਂ ਅਤੇ ਵੱਡਿਆਂ ਦੀ ਭੀੜ ਇਕੱਠੀ ਹੋ ਗਈ ਅਤੇ ਪੂਰਾ ਸ਼ਹਿਰ ਪਤੰਗਬਾਜ਼ੀ ਦੇ ਰੰਗ ਵਿੱਚ ਰੰਗਿਆ ਦਿੱਸਿਆ।ਤਿਉਹਾਰ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਰਿਹਾ। ਐੱਸ.ਐੱਸ.ਪੀ. ਬਠਿੰਡਾ ਡਾ. ਜਯੋਤੀ ਯਾਦਵ ਨੇ ਇਤਿਹਾਸਕ ਕਿਲ੍ਹਾ ਮੁਬਾਰਕ ਦੀ ਚੋਟੀ ’ਤੇ ਖੜ੍ਹ ਕੇ ਦੂਰਬੀਨ ਰਾਹੀਂ ਸ਼ਹਿਰ ਉੱਤੇ ਨਿਗਰਾਨੀ ਰੱਖੀ। ਪੁਲਿਸ ਵੱਲੋਂ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਸਿਕੰਜਾ ਕੱਸਿਆ ਗਿਆ। ਇਸ ਤੋਂ ਇਲਾਵਾ ਡਰੋਨ ਰਾਹੀਂ ਵੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਨਿਗਾਹ ਬਣਾਈ ਰੱਖੀ ਗਈ।ਬਸੰਤ ਪੰਚਮੀ ਦੀ ਰੌਣਕ ਵਿੱਚ ਨਗਰ ਨਿਗਮ ਦੇ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਸਮੇਤ ਕਈ ਰਾਜਨੀਤਕ ਅਤੇ ਸਮਾਜਿਕ ਆਗੂਆਂ ਨੇ ਵੀ ਪਤੰਗ ਉਡਾ ਕੇ ਲੋਕਾਂ ਨਾਲ ਖੁਸ਼ੀ ਸਾਂਝੀ ਕੀਤੀ। ਆਸਮਾਨ ਵਿੱਚ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਅਤੇ ਹੋਰ ਉਭਰਦੇ ਗਾਇਕਾਂ ਦੀਆਂ ਤਸਵੀਰਾਂ ਵਾਲੇ ਪਤੰਗ ਨੌਜਵਾਨਾਂ ਲਈ ਖਾਸ ਆਕਰਸ਼ਣ ਦਾ ਕੇਂਦਰ ਬਣੇ ਰਹੇ।ਇਸ ਮੌਕੇ “ਯੁੱਧ ਨਸ਼ਿਆਂ ਵਿਰੁੱਧ” ਦੇ ਸੁਨੇਹੇ ਵਾਲੇ ਪਤੰਗ ਵੀ ਅਸਮਾਨੀ ਉਡਾਏ ਗਏ, ਜਿਨ੍ਹਾਂ ਰਾਹੀਂ ਬਸੰਤ ਦੀ ਖੁਸ਼ੀ ਨਾਲ ਨਾਲ ਸਮਾਜਿਕ ਜਾਗਰੂਕਤਾ ਦਾ ਸੰਦੇਸ਼ ਵੀ ਦਿੱਤਾ ਗਿਆ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
