Bathinda News:ਕਰੀਬ ਇੱਕ ਸਾਲ ਪਹਿਲਾਂ ਮਿਉਸੀਪਲ ਕੌਂਸਲਰ ਦੀ ਚੋਣ ਲੜ ਬਠਿੰਡਾ ਦੀ ਸਿਆਸਤ ‘ਚ ਉੱਤਰੇ ਨਗਰ ਨਿਗਮ ਦੇ ਮੌਜੂਦਾ ਮੇਅਰ ਤੇ ਉਨ੍ਹਾਂ ਦੇ ਪਿਤਾ ਵੱਲੋਂ ਮੁੜ ਹਲਕਾ ਵਿਧਾਇਕ ਨੂੰ ਸਿਆਸੀ ਝਟਕਾ ਦਿੱਤਾ ਗਿਆ ਹੈ। ਆਪਣੇ ਮੁਕਾਬਲੇ ਅਜਾਦ ਚੋਣ ਲੜਣ ਵਾਲੇ ਸਾਬਕਾ ਆਗੂ ਨੂੰ ਹੁਣ ਮੁੜ ਆਪਣੇ ਨਾਲ ਰਲਾ ਕੇ ਅਗਲੇ ਸਾਲ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਮਜਬੂਤੀ ਹਾਸਲ ਕੀਤੀ ਹੈ। ਮੰਗਲਵਾਰ ਨੂੰ ਇਕ ਸਮਾਗਮ ਦੌਰਾਨ ਬਿੰਦਰ ਸਿੰਘ ਨੂੰ ਆਪ ਵਿਚ ਸ਼ਾਮਲ ਕਰਦੇ ਹੋਏ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਤੇ ਮੇਅਰ ਪਦਮਜੀਤ ਮਹਿਤਾ ਨੇ ਐਲਾਨ ਕੀਤਾ ਕਿ ਆਪਣੇ ਵਾਰਡ ਤੇ ਸ਼ਹਿਰ ਦੇ ਵਿਕਾਸ ਲਈ ਉਹ ਹਰੇਕ ਨੂੰ ਸਾਥ ਲੈ ਕੇ ਚੱਲਣਗੇ।
ਇਹ ਵੀ ਪੜ੍ਹੋ ਨਸ਼ਾ ਸਿਰਫ਼ ਸਰੀਰ ਨੂੰ ਹੀ ਨਹੀਂ, ਸਮਾਜਿਕ ਢਾਂਚੇ ਨੂੰ ਵੀ ਕਰਦਾ ਹੈ ਕਮਜ਼ੋਰ:ਜ਼ਿਲ੍ਹਾ ਅਤੇ ਸੈਸ਼ਨ ਜੱਜ
ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਸਾਲ ਨਵੰਬਰ ਮਹੀਨੇ ਹੋਈ ਨਗਰ ਨਿਗਮ ਦੇ ਵਾਰਡ ਨੰਬਰ 48 ਦੀ ਉੱਪ ਚੋਣ ‘ਚ ਬਿੰਦਰ ਸਿੰਘ ਨੂੰ ਟਿਕਟ ਦਿੱਤੀ ਗਈ ਸੀ, ਜੋਕਿ ਕੁੱਝ ਦਿਨ ਪਹਿਲਾਂ ਹੀ ਅਕਾਲੀ ਦਲ ਛੱਡ ਆਪ ਵਿਚ ਆਏ ਸਨ। ਪ੍ਰੰਤੂ ਬਾਹਰਲਾ ਟੈਗ ਲੱਗਿਆ ਹੋਣ ਕਾਰਨ ਆਪ ਦੇ ਆਗੂਆਂ ਵੱਲੋਂ ਹਾਈਕਮਾਂਡ ਤੱਕ ਕੀਤੀ ਪਹੁੰਚ ਤੋਂ ਬਾਅਦ ਪਾਰਟੀ ਵੱਲੋਂ ਬਿੰਦਰ ਸਿੰਘ ਦੀ ਟਿਕਟ ਕੱਟ ਕੇ ਪਦਮਜੀਤ ਸਿੰਘ ਮਹਿਤਾ ਨੂੰ ਦੇ ਦਿੱਤੀ ਸੀ, ਜਿਸਦੇ ਵਿਰੋਧ ਵਿਚ ਬਿੰਦਰ ਅਜਾਦ ਉਮੀਦਵਾਰ ਵਜੋਂ ਮੈਦਾਨ ਵਿਚ ਨਿੱਤਰ ਆਇਆ ਸੀ। ਵੱਡੀ ਗੱਲ ਇਹ ਵੀ ਸੀ ਕਿ ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਇਸ ਗੱਲ ਨੂੰ ਆਪਣੀ ਨਮੋਸ਼ੀ ਮੰਨਦਿਆਂ ਖੁੱਲੇਆਮ ਅਜ਼ਾਦ ਉਮੀਦਵਾਰ ਦੀ ਹਿਮਾਇਤ ਕੀਤੀ ਸੀ। ਪ੍ਰੰਤੂ ਹੁਣ ਅਚਾਨਕ ਵਾਪਰੇ ਤਾਜ਼ਾ ਘਟਨਾਕ੍ਰਮ ਨੇ ਮੁੜ ਹਲਚਲ ਪੈਦਾ ਕਰ ਦਿੱਤੀ ਹੈ।
