Moga News : ਪਿਛਲੇ ਕਈ ਦਿਨਾਂ ਤੋਂ ਚਰਚਾ ਵਿਚ ਚੱਲੀ ਆ ਰਹੀ ਮੋਗਾ ਜ਼ਿਲ੍ਹੇ ਦੇ ਥਾਣਾ ਕੋਟ ਈਸੇ ਖਾਂ ਦੀ ਸਾਬਕਾ SHO ਸੁਨੀਤਾ ਬਾਵਾ ਨੂੰ ਵਿਭਾਗ ਨੇ ਨੌਕਰੀਓ ਬਰਖਾਸਤ ਕਰ ਦਿੱਤਾ ਹੈ। ਇਸ ਸਬੰਧ ਵਿਚ ਆਈ ਜੀ ਫ਼ਰੀਦਕੋਟ ਰੇਂਜ ਸ੍ਰੀਮਤੀ ਨੀਲਮਬਾਰੀ ਜਗਦਾਲੇ ਵੱਲੋਂ ਇੱਕ ਪੱਤਰ ਜਾਰੀ ਕਰਕੇ ਉਕਤ ਮਹਿਲਾ ਇੰਸਪੈਕਟਰ ਦੀਆਂ ਸੇਵਾਵਾਂ ਨੂੰ ਸਮਾਪਤ ਕੀਤਾ ਗਿਆ ਹੈ।26 ਸਤੰਬਰ ਦੀ ਦੇਰ ਸ਼ਾਮ ਨੂੰ ਇੰਸਪੈਕਟਰ ਸੁਨੀਤਾ ਬਾਵਾ ਨੂੰ ਵਿਜੀਲੈਂਸ ਬਿਉਰੋ ਦੀ ਟੀਮ ਨੇ ਇੱਕ ਵਿਅਕਤੀ ਤੋਂ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਸੀ, ਜਿਸਨੂੰ ਉਕਤ ਪੁਲਿਸ ਅਧਿਕਾਰੀ ਨੇ ਨਸ਼ਿਆਂ ਦੇ ਇੱਕ ਝੂਠੇ ਕੇਸ ਵਿਚ ਫ਼ਸਾਉਣ ਦਾ ਡਰਾਵਾ ਦਿੱਤਾ ਹੋਇਆ ਸੀ।ਵੱਡੀ ਗੱਲ ਇਹ ਹੈ ਕਿ ਆਪਣੀ ਨੌਕਰੀ ਦੌਰਾਨ ਵੀ ਖੁਦ ਨੂੰ ‘ਦਬੰਗ’ ਪੁਲਿਸ ਅਧਿਕਾਰੀ ਦੱਸ ਕੇ ਚਰਚਾ ਵਿਚ ਰਹਿਣ ਵਾਲੀ ਇੰਸਪੈਕਟਰ ਸੁਨੀਤਾ ਬਾਵਾ ਨੇ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਨ ਸਮੇਂ ਮਸਕਰਾਉਂਦਿਆਂ ਆਪਣੇ ਖਿਲਾਫ਼ ਕੇਸ ਨੂੰ ਰੁਟੀਨ ਦੀ ਕਾਰਵਾਈ ਦਸਦਿਆਂ ‘ਆਲ ਇਜ਼ ਵੈੱਲ’ ਅਤੇ ‘ਜੇਲ੍ਹ ਦਾ ਨਵਾਂ ਸਫ਼ਰ ਸ਼ੁਰੂ ਹੋਣ’ ਬਾਰੇ ਕਿਹਾ ਸੀ, ਜੋ ਸ਼ੋਸ਼ਲ ਮੀਡੀਆ ‘ਤੇ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਸੀ।ਇਸ ਮਹਿਲਾ ਦੇ ਨਾਲ ਹੋਮਗਾਰਡ ਦਾ ਜਵਾਨ ਗੁਰਅਵਤਾਰ ਸਿੰਘ ਵੀ ਫ਼ਸਿਆ ਸੀ। ਚਰਚਾ ਇਹ ਵੀ ਹੈ ਕਿ ਵਿਜੀਲੈਂਸ ਵਿਭਾਗ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਇਸ ਸਾਬਕਾ ਮਹਿਲਾ ਅਧਿਕਾਰੀ ਖਿਲਾਫ਼ ਕਾਰਵਾਈ ਵਿੱਢ ਦਿੱਤੀ ਹੈ।
ਇਹ ਵੀ ਪੜ੍ਹੋ 👉Fazilka ‘ਚ DSP ਦਫ਼ਤਰ ਦੇ ਬਾਹਰ ਹੋਈ ਫ਼ਾਈਰਿੰਗ; 2 ਕਾਬੂ, ਇੱਕ ਪਿਸਤੌਲ ਬਰਾਮਦ
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
