Bathinda News: Bathinda Police ਨੇ ਚਾਰ ਵਿਅਕਤੀਆਂ ਵੱਲੋਂ ਵੱਧ ਮੁਨਾਫ਼ੇ ਦਾ ਲਾਲਚ ਦੇ ਕੇ ਵਕੀਲ ਸਮੇਤ ਅੱਧੀ ਦਰਜ਼ਨ ਵਿਅਕਤੀਆਂ ਨਾਲ ਕਰੋੜਾਂ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਚਾਰ ਜਣਿਆਂ ਵਿਰੁਧ ਧੋਖਾਧੜੀ ਦਾ ਪਰਚਾ ਦਰਜ਼ ਕੀਤਾ ਹੈ। ਇਸ ਸਬੰਧ ਵਿਚ ਦਰਖਾਸਤੀ ਕੰਵਲਦੀਪ ਸਿੰਘ ਐਡਵੋਕੇਟ, ਸੁਖਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਮਾਡਲ ਟਾਊਨ ਬਠਿੰਡਾ, ਫੌਜਾ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਮਾਡਲ ਟਾਊਨ ਬਠਿੰਡਾ ਅਤੇ ਸੰਦੀਪ ਸਿੰਘ ਪੁਤਰ ਬਿਮਲਜੀਤ ਸਿੰਘ ਵਾਸੀ ਤਲਵੰਡੀ ਸਾਬੋ ਦੀ ਸਿਕਾਇਤ ਉੱਪਰ ਇਹ ਕਾਰਵਾਈ ਹੈ। ਕਰੀਬ ਡੇਢ ਸਾਲ ਵੱਖ ਵੱਖ ਪੁਲਿਸ ਅਧਿਕਾਰੀਆਂ ਵੱਲੋਂ ਇਸ ਗੰਭੀਰ ਮਾਮਲੇ ਦੀ ਕੀਤੀ ਪੜਤਾਲ ਤੋ ਬਾਅਦ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਹਰਪ੍ਰੀਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਬਹਿਣੀਵਾਲੀ, ਚਤਵੰਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਤਲਵੰਡੀ ਸਾਬੋ, ਗੁਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਨਾਮਦੇਵ ਰੋਡ ਬਠਿੰਡਾ ਅਤੇ ਸੁਮਿਤ ਮੁੰਜਾਲ ਵਾਸੀ ਵਿਰਾਟ ਗਰੀਨ ਕਲੋਨੀ ਬਠਿੰਡਾ ਨੂੰ ਆਈਪੀਸੀ ਦੀ ਧਾਰਾ 420 ਅਤੇ 120 ਬੀ ਤਹਿਤ ਨਾਮਜਦ ਕੀਤਾ ਹੈ। ਵੱਡੀ ਗੱਲ ਇਹ ਹੈ ਕਿ ਮੁਲਜਮਾਂ ਦੇ ਵੱਲੋਂ ਜਿਸ ਕੰਪਨੀ ਦੇ ਵਿਚ ਪੈਸੇ ਲਗਵਾਏ ਜਾਂਦੇ ਸਨ, ਉਨ੍ਹਾਂ ਦੇ ਡਾਇਰੈਟਰਾਂ ਵਿਰੁਧ ਪਹਿਲਾਂ ਹੀ ਡਾਇਰੈਕਟੋਰੇਟ ਆਫ ਏਨਫੋਰਸਮੈਟ (ED) ਵੱਲੋਂ ਪਰਚਾ ਦਰਜ਼ ਕੀਤਾ ਜਾ ਚੁੱਕਿਆ ਹੈ। ਸੂਚਨਾ ਮੁਤਾਬਕ ਕਥਿਤ ਮੁਲਜ਼ਮਾਂ ਨੇ ਖੁਦ ਨੂੰ IX GLOBAL ਕੰਪਨੀ ਦੇ ਉੱਤਰੀ ਭਾਰਤ ਦੇ Influencer ਦੱਸ ਕੇ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫ਼ਸਾਇਆ ਜਾਂਦਾ ਸੀ। ਮੁਦਈਆਂ ਮੁਤਾਬਕ ਇੰਨ੍ਹਾਂ ਵੱਲੋਂ ਕੰਪਨੀ ਵਿੱਚ ਪੈਸੇ ਲਗਵਾਉਣ ਸਮੇਂ ਉਹਨਾਂ ਨੂੰ ਵਿਸ਼ਵਾਸ ਦਵਾਇਆ ਜਾਂਦਾ ਹੈ ਕਿ ਜੋ ਕੰਪਨੀ ਦੁਆਰਾ ਅਕਾਉਂਟ ਜਾਰੀ ਕੀਤਾ ਜਾਵੇਗਾ, ਉਸ ਨੂੰ ਤੁਸੀਂ ਖੁੱਦ ਆਪ੍ਰੇਟ ਕਰ ਸਕਦੇ ਹੋ ਪ੍ਰੰਤੂ ਜਦੋਂ ਕਿਸੇ ਵਿਅਕਤੀ ਵੱਲੋਂ ਕੰਪਨੀ ਵਿੱਚ ਪੈਸੇ ਲਗਾ ਦਿੱਤੇ ਜਾਂਦੇ ਸਨ ਅਤੇ ਕੰਪਨੀ ਵੱਲੋ ਦਿੱਤੇ ਹੋਏ ਅਕਾਉਂਟ ਨੂੰ ਆਪ੍ਰੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪ੍ਰੰਤੂ ਉਸ ਵੱਲੋ ਇਹ ਅਕਾਉਂਟ ਆਪ੍ਰੇਟ ਨਹੀ ਹੁੰਦਾ। ਪੁਲਿਸ ਪੜਤਾਲ ਮੁਤਾਬਕ ਅਜਿਹਾ ਕਰਕੇ ਮੁਲਜਮਾਂ ਦੇ ਵੱਲੋਂ ਦਰਖਾਸਤੀ ਕੰਵਲਦੀਪ ਸਿੰਘ ਪਾਸੋ 2,00,000/- ਰੁਪਏ, ਸੁਖਦੀਪ ਸਿੰਘ ਪਾਸੋ 4,50,000/- ਰੁਪਏ, ਫੌਜਾ ਸਿੰਘ ਪਾਸੋਂ 15,88,000/- ਰੁਪਏ, ਫੌਜਾ ਸਿੰਘ ਦੇ ਭਰਾ ਗੁਲਾਬ ਸਿੰਘ ਪਾਸੋ 8,68,000/- ਰੁਪਏ, ਸੰਦੀਪ ਸਿੰਘ ਪਾਸੋ 54,77,000/- ਰੁਪਏ ਅਤੇ ਸੰਦੀਪ ਸਿੰਘ ਦੇ ਚਾਚਾ ਖੁਸ਼ਵਿੰਦਰ ਸਿੰਘ ਪਾਸੋ 10,00,000 /- ਰੁਪਏ ਉਕਤ ਕੰਪਨੀ ਵਿੱਚ ਲਗਵਾ ਦਿੱਤੇ। ਇਹ ਪੈਸੇ ਸਿੱਧੇ ਕੰਪਨੀ ਦੇ ਅਕਾਉਂਟ ਵਿੱਚ ਹੀ ਟਰਾਂਸਫਰ ਕਰਵਾਏ ਗਏ ਸਨ। ਪੁਲਿਸ ਪੜਤਾਲ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਉਕਤ ਕੰਪਨੀ ਨੂੰ ਉੱਤਰੀ ਭਾਰਤ ਵਿੱਚ ਪਰੋਮੇਟ ਕਰਨ ਲਈ ਦੋ ਵਟਸਐਪ ਗਰੁੱਪ ਬਣਾਏ ਗਏ ਸਨ, ਜਿਨਾ ਦੇ ਨਾਮ ਸਨ IX AVENGERS ਅਤੇ 1X PUNJAB TIGERS’ ਰੱਖਿਆ ਗਿਆ ਸੀ। ਇੰਨ੍ਹਾਂ ਵਟਸਐਪ ਗਰੁੱਪਾਂ ਦੇ ਐਡਮਿਨ ਜਿਆਦਾਤਰ ਪਰਚੇ ਵਿਚ ਨਾਮਜ਼ਦ ਵਿਅਕਤੀ ਹੀ ਸਨ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਸ ਮਾਮਲੇ ਦੀ ਪੜਤਾਲ ਪਹਿਲਾਂ ਡੀਐਸਪੀ ਦੀ ਅਗਵਾਈ ਹੇਠ ਤਲਵੰਡੀ ਸਾਬੋ ਪੁਲਿਸ ਵੱਲੋਂ ਕੀਤੀ ਗਈ, ਜਿਸਦੇ ਵਿਚ ਮੁਦਈਆਂ ਦੀ ਸਿਕਾਇਤ ਨੂੰ ਸਹੀ ਮੰਨਦਿਆਂ ਪਰਚਾ ਦਰਜ਼ ਕਰਨ ਦੀ ਸਿਫ਼ਾਰਿਸ ਕੀਤੀ ਗਈ ਪ੍ਰੰਤੂ ਬਾਅਦ ਵਿਚ ਮੁਲਜਮਾਂ ਵੱਲੋਂ ਦਿੱਤੀ ਦਰਖਾਸਤ ਦੇ ਆਧਾਰ ‘ਤੇ ਜਾਂਚ ਦਾ ਜਿੰਮਾ ਐਸਪੀ(ਪੀਬੀਆਈ) ਨੂੰ ਸੌਂਪਿਆ ਗਿਆ, ਜਿੰਨ੍ਹਾਂ ਕਲੀਨ ਚਿੱਟ ਦੇ ਦਿੱਤੀ। ਇਸਤੋਂ ਬਾਅਦ ਐਸਪੀ (ਜਾਂਚ) ਦੀ ਅਗਵਾਈ ਹੇਠ ਡੀਐਸਪੀ(ਐਚ) ਅਤੇ ਐਸਐਚਓ ਸਾਈਬਰ ਕ੍ਰਾਈਮ ਦੀ ਅਗਵਾਈ ਹੇਠ ਸਿੱਟ ਬਣਾਈ ਗਈ, ਜਿੰਨ੍ਹਾਂ ਮੁੜ ਨਿਤਾਰਾ ਕਰਦਿਆਂ ਇਹ ਪਰਚਾ ਦਰਜ਼ ਕਰਨ ਦੀ ਸਿਫ਼ਾਰਿਸ ਕੀਤੀ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
