Moga News:ਸ੍ਰੀ ਸਰਤਾਜ ਸਿੰਘ ਚਾਹਲ,ਸੀਨੀਅਰ ਕਪਤਾਨ ਪੁਲਿਸ, ਮੋਗਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੋਗਾ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਮੈਡੀਕਲ ਸਟੋਰ ‘ਤੇ ਕਾਰਵਾਈ ਕਰਕੇ 1600 ਪ੍ਰੈਗਾਬਾਲਿਨ ਕੈਪਸੂਲ, 569 ਨਸ਼ੀਲੀਆਂ ਗੋਲੀਆਂ, ਡਰੱਗ ਮਨੀ ਅਤੇ ਇੱਕ ਕਾਰ ਬਰਾਮਦ ਕਰਕੇ 02 ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।ਸ੍ਰੀ ਚਾਹਲ ਜੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਡੀ.ਜੀ.ਪੀ. ਪੰਜਾਬ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਸ੍ਰੀਮਤੀ ਨੀਲਾਂਬਰੀ ਜਗਦਲੇ ਵਿਜੇ,ਆਈ.ਜੀ. ਫਰੀਦਕੋਟ ਰੇਂਜ ਅਤੇ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ੍ਰੀ ਬਾਲ ਕ੍ਰਿਸ਼ਨ ਸਿੰਗਲਾ,ਐਸ.ਪੀ. (ਇਨਵੈਸਟੀਗੇਸ਼ਨ) ਮੋਗਾ ਦੀ ਸੁਪਰਵਿਜ਼ਨ ਅਤੇ ਸ੍ਰੀ ਸੁਖਵਿੰਦਰ ਸਿੰਘ ਬਰਾੜ,ਡੀ.ਐਸ.ਪੀ. ਧਰਮਕੋਟ ਦੀ ਅਗਵਾਈ ਹੇਠ ਇੰਸਪੈਕਟਰ ਸੁਨੀਤਾ ਰਾਣੀ ਮੁੱਖ ਅਫ਼ਸਰ ਥਾਣਾ ਕੋਟ ਈਸੇ ਖਾਂ, ਡਰੱਗ ਇੰਸਪੈਕਟਰ ਸੋਨੀਆ ਗੁਪਤਾ ਅਤੇ ਪੁਲਿਸ ਪਾਰਟੀ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਸੀ।ਦੌਰਾਨੇ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਮਿਤੀ 24.06.2026 ਨੂੰ ਸਹਾਇਕ ਥਾਣੇਦਾਰ ਰਮਨਦੀਪ ਸਿੰਘ ਨੰਬਰ 407/ਮੋਗਾ ਸਮੇਤ ਪੁਲਿਸ ਪਾਰਟੀ ਮੇਨ ਚੌਂਕ ਕੋਟ ਈਸੇ ਖਾਂ ਵਿਖੇ ਮੌਜੂਦ ਸੀ ਤਾਂ ਡਰੱਗ ਇੰਸਪੈਕਟਰ ਸੋਨੀਆ ਗੁਪਤਾ ਵੱਲੋਂ ਪ੍ਰੇਮ ਮੈਡੀਕਲ ਸਟੋਰ, ਮਸੀਤਾਂ ਰੋਡ, ਕੋਟ ਈਸੇ ਖਾਂ ਵਿਖੇ ਨਸ਼ੀਲੀਆਂ ਦਵਾਈਆਂ ਸਬੰਧੀ ਸੂਚਨਾ ਦਿੱਤੀ ਗਈ। ਸੂਚਨਾ ਨੂੰ ਭਰੋਸੇਯੋਗ ਮੰਨਦੇ ਹੋਏ ਪੁਲਿਸ ਪਾਰਟੀ ਅਤੇ ਡਰੱਗ ਇੰਸਪੈਕਟਰ ਵੱਲੋਂ ਤੁਰੰਤ ਮੈਡੀਕਲ ਸਟੋਰ ‘ਤੇ ਰੇਡ ਕੀਤੀ ਗਈ।ਚੈਕਿੰਗ ਦੌਰਾਨ ਮੌਕੇ ਤੋਂ ਸਚਿਨ ਛਾਬੜਾ ਪੁੱਤਰ ਪ੍ਰੇਮ ਕੁਮਾਰ ਵਾਸੀ ਪੰਡਿਤਾਂ ਵਾਲਾ ਮੁਹੱਲਾ, ਕੋਟ ਈਸੇ ਖਾਂ ਨੂੰ ਕਾਬੂ ਕੀਤਾ ਗਿਆ। ਤਲਾਸ਼ੀ ਅਤੇ ਰਿਕਾਰਡ ਦੀ ਜਾਂਚ ਦੌਰਾਨ ਕੁੱਲ 1600 ਕੈਪਸੂਲ ਪ੍ਰੈਗਾਬਾਲਿਨ 300 ਮਿ.ਗ੍ਰਾ.. 69 ਗੋਲੀਆਂ VERNOR-N ਅਤੇ 500 ਗੋਲੀਆਂ LENYDOL (Tapentadol) ਬਰਾਮਦ ਹੋਈਆਂ।ਇਸ ਸਬੰਧੀ ਸਚਿਨ ਛਾਬੜਾ ਪੁੱਤਰ ਪ੍ਰੇਮ ਕੁਮਾਰ ਵਾਸੀ ਪੰਡਿਤਾਂ ਵਾਲਾ ਮੁਹੱਲਾ, ਕੋਟ ਈਸੇ ਖਾਂ ਅਤੇ ਸੁਖਜੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਲੰਡੇ ਕੇ, ਜ਼ਿਲ੍ਹਾ ਮੋਗਾ ਖ਼ਿਲਾਫ਼ ਮੁਕੱਦਮਾ ਨੰਬਰ 142 ਮਿਤੀ 24.06.2026 ਅਧੀਨ ਧਾਰਾ 22, 27-ਬੀ, 61, 85 ਐਨ.ਡੀ.ਪੀ.ਐਸ. ਐਕਟ ਅਤੇ 223 ਬੀ.ਐਨ.ਐਸ. ਥਾਣਾ ਕੋਟ ਈਸੇ ਖਾਂ ਵਿਖੇ ਦਰਜ ਰਜਿਸਟਰ ਕੀਤਾ ਗਿਆ।ਦੋਸ਼ੀ ਸਚਿਨ ਛਾਬੜਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਨਸ਼ੀਲੀਆਂ ਦਵਾਈਆਂ ਦੇ ਸਰੋਤ, ਸਪਲਾਈ ਚੇਨ ਅਤੇ ਇਸ ਧੰਦੇ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ। ਮਾਮਲੇ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
