ਸਾਥੀ ਐਨ. ਕੇ. ਜੀਤ ਨੂੰ ਲੋਕ ਜਮਹੂਰੀ ਲਹਿਰ ਦੇ ਕਾਫ਼ਲੇ ਵੱਲੋਂ ਦਿੱਤੀ ਗਈ ਅੰਤਿਮ ਵਿਦਾਇਗੀ

ਇਨਕਲਾਬੀ ਜਮਹੂਰੀ ਲਹਿਰ ਦੇ ਆਗੂ ਤੇ ਕਾਰਕੁੰਨ ਵੱਡੀ ਗਿਣਤੀ ‘ਚ ਪਹੁੰਚੇ
Bathinda News:ਕੱਲ੍ਹ ਵਿਛੋੜਾ ਦੇ ਗਏ ਇਨਕਲਾਬੀ ਜਮਹੂਰੀ ਲਹਿਰ ਦੀ ਜਾਣੀ ਪਛਾਣੀ ਸ਼ਖਸ਼ੀਅਤ ਸਾਥੀ ਐਨ. ਕੇ. ਜੀਤ ਦੀ ਮ੍ਰਿਤਕ ਦੇਹ ਨੂੰ ਇਨਕਲਾਬੀ ਲਹਿਰ ਦੇ ਕਾਫ਼ਲੇ ਵੱਲੋਂ ਅੰਤਮ ਵਿਦਾਇਗੀ ਦਿੱਤੀ ਗਈ। ਪੰਜਾਬ ਦੇ ਵੱਖ-ਵੱਖ ਇਲਾਕਿਆਂ ‘ਚੋਂ ਪੁੱਜੇ ਇਨਕਲਾਬੀ ਜਮਹੂਰੀ ਲਹਿਰ ਦੇ ਆਗੂਆਂ ਤੇ ਕਾਰਕੁੰਨਾਂ ਨੇ ਡੂੰਘੇ ਗਮਗੀਨ ਮਾਹੌਲ ਦਰਮਿਆਨ ਜੋਸ਼ੀਲੇ ਨਾਅਰਿਆਂ ਨਾਲ ਐਨ. ਕੇ. ਜੀਤ ਦੀ ਜੁਝਾਰ ਘਾਲਣਾ ਨੂੰ ਸਲਾਮ ਕਹੀ। ਉਨਾਂ ਦੇ ਘਰੋਂ ਉਹਨਾਂ ਦੀ ਮ੍ਰਿਤਕ ਦੇਹ ‘ਤੇ ਫੁੱਲਾਂ ਦੀ ਵਰਖਾ ਕਰਦਾ ਹੋਇਆ ਕਾਫ਼ਲਾ ਸ਼ਮਸ਼ਾਨ ਘਾਟ ਪੁੱਜਿਆ ਜਿੱਥੇ ਵੱਖ ਵੱਖ ਇਨਕਲਾਬੀ ਤੇ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਨੇ ਆਪੋ ਆਪਣੀਆਂ ਜਥੇਬੰਦੀਆਂ ਦੇ ਝੰਡੇ ਉਹਨਾਂ ਦੀ ਮ੍ਰਿਤਕ ਦੇਹ ‘ਤੇ ਪਾਏ ਅਤੇ ਉਹਨਾਂ ਦੀ ਇਨਕਲਾਬੀ ਕਰਨੀ ਨੂੰ ਉਚਿਆਉਂਦੇ ਨਾਅਰਿਆਂ ਨਾਲ ਸ਼ਰਧਾਂਜਲੀਆਂ ਦਿੱਤੀਆਂ। ਇਸ ਮੌਕੇ ਹਾਜ਼ਰ ਇਨਕਲਾਬੀ ਜਮਹੂਰੀ ਲਹਿਰ ਦੇ ਆਗੂਆਂ ਅਮੋਲਕ ਸਿੰਘ, ਜਸਪਾਲ ਜੱਸੀ, ਪਾਵੇਲ ਕੁੱਸਾ, ਮੁਖਤਿਆਰ ਪੂਹਲਾ , ਜਗਮੇਲ ਸਿੰਘ, ਲਛਮਣ ਸੇਵੇਵਾਲਾ, ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਸਾਥੀ ਐਨ ਕੇ ਜੀਤ ਨੂੰ ਜਨਤਕ ਸ਼ਰਧਾਂਜਲੀ ਦੇਣ ਲਈ ਸਮਾਗਮ ਜਥੇਬੰਦ ਕੀਤਾ ਜਾਵੇਗਾ ਤੇ ਇਸ ਸਮਾਗਮ ਰਾਹੀਂ ਸਾਥੀ ਦੇ ਵਿਛੋੜੇ ਦੇ ਗਮ ਨੂੰ ਇਨਕਲਾਬੀ ਸੰਗਰਾਮੀ ਪੇਸ਼ਕਦਮੀ ਵਿੱਚ ਪਲਟਣ ਦਾ ਸੱਦਾ ਦਿੱਤਾ ਜਾਵੇਗਾ। ਸਾਥੀ ਦੇ ਵਿਛੋੜੇ ਨਾਲ ਜਮਹੂਰੀ ਲਹਿਰ ਅੰਦਰ ਪਏ ਖੱਪੇ ਨੂੰ ਪੂਰਨ ਲਈ ਤਾਣ ਜੁਟਾਉਣ ਦਾ ਸੰਦੇਸ਼ ਉਭਾਰਿਆ ਜਾਵੇਗਾ।ਅੱਜ ਅੰਤਿਮ ਸਸਕਾਰ ਦੀਆਂ ਰਸਮਾਂ ਮੌਕੇ ਪਰਿਵਾਰਕ ਰਿਸ਼ਤੇਦਾਰਾਂ ਤੇ ਸਨੇਹੀਆਂ ਤੋਂ ਇਲਾਵਾ ਲੋਕ ਮੋਰਚਾ ਪੰਜਾਬ, ਇਨਕਲਾਬੀ ਕੇਂਦਰ ਪੰਜਾਬ, ਜਮਹੂਰੀ ਅਧਿਕਾਰ ਸਭਾ ਪੰਜਾਬ, ਅਦਾਰਾ ਸੁਰਖ ਲੀਹ, ਅਦਾਰਾ ਲਾਲ ਪਰਚਮ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਪੰਜਾਬ ਖੇਤ ਮਜ਼ਦੂਰ ਯੂਨੀਅਨ, ਡੀ ਟੀ ਐਫ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ), ਬੀ ਕੇ ਯੂ ਡਕੌਂਦਾ (ਬੁਰਜਗਿਲ), ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਪੰਜਾਬ ਲੋਕ ਸੱਭਿਆਚਾਰਕ ਮੰਚ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ, ਬਾਰ ਐਸੋਸੀਏਸ਼ਨ ਬਠਿੰਡਾ ਤੇ ਮਾਨਸਾ, ਟੀ ਐਸ ਯੂ, ਇਨਕਲਾਬੀ ਜਮਹੂਰੀ ਫਰੰਟ, ਪੰਜਾਬੀ ਸਾਹਿਤ ਸਭਾ ਬਠਿੰਡਾ ਸਮੇਤ ਦਰਜਨ ਤੋਂ ਉੱਪਰ ਜਥੇਬੰਦੀਆਂ ਸ਼ਾਮਿਲ ਸਨ। ਇਸ ਮੌਕੇ ਵੱਡੀ ਗਿਣਤੀ ‘ਚ ਜਨਤਕ ਆਗੂ ਤੇ ਜਮਹੂਰੀ ਲਹਿਰ ਦੀਆਂ ਸ਼ਖਸ਼ੀਅਤਾਂ ਹਾਜ਼ਰ ਸਨ ਜਿੰਨ੍ਹਾਂ ‘ਚ ਸੀਡੀਆਰਓ ਦੇ ਸਾਥੀ ਆਸ਼ੀਸ਼ ਗੁਪਤਾ (ਅਸਾਮ ਤੋਂ), ਪ੍ਰਿਤਪਾਲ ਸਿੰਘ, ਰੇਸ਼ਮ ਸਿੰਘ ਖੇਮੂਆਣਾ, ਗੁਰਦੀਪ ਸਿੰਘ ਰਾਮਪੁਰਾ,ਬਲਦੇਵ ਭਾਈਰੂਪਾ, ਕੁਲਵੰਤ ਸੇਲਬਰਾਹ, ਜਗਰੂਪ ਸਿੰਘ, ਧੰਨਾ ਮੱਲ ਗੋਇਲ, ਮਨਜਿੰਦਰ ਸਿੰਘ ਸਰਾਂ, ਸੁਖਵੰਤ ਸਿੰਘ ਸੇਖੋਂ, ਚੰਦਰ ਸ਼ਰਮਾ, ਜਸਪਾਲ ਮਾਨਖੇੜਾ, ਲਛਮਣ ਮਲੂਕਾ ਤੋਂ ਇਲਾਵਾ ਹੋਰ ਵੀ ਦਰਜਨਾਂ ਗਿਣਨਯੋਗ ਨਾਮ ਹਨ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਥਾਣਾ ਨਿਹਾਲ ਸਿੰਘ ਵਾਲਾ ਵੱਲੋ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ 50 ਗ੍ਰਾਮ ਹੈਰਇਨ ਬ੍ਰਾਮਦ ਕੀਤੀ

Leave a Reply

Your email address will not be published. Required fields are marked *